ਪੱਤਰ ਪ੍ਰੇਰਕ
ਤਰਨ ਤਾਰਨ, 24 ਸਤੰਬਰ
ਕੌਮੀ ਸ਼ਾਹ ਮਾਰਗ ਨੰਬਰ 54 ਤੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਲਗਾਏ ਪਿੱਪਲ ਦੇ 15 ਰੁੱਖ਼ ਪਿੰਡ ਕੱਦਗਿੱਲ ਵਾਸੀ ਰਵੀਸ਼ੇਰ ਸਿੰਘ ਵੱਢ ਕੇ ਲੈ ਗਿਆ| ਇਹ ਰੁੱਖ ਤਿੰਨ ਸਾਲ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਮੀ ਸ਼ਾਹ ਮਾਰਗ ਨੂੰ ਹਰਿਆ-ਭਰੀਆਂ ਬਨਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਨੂੰ ਕੀਤੀ ਬੇਨਤੀ ’ਤੇ ਲਗਾਏ ਗਏ ਸਨ|
ਸੰਪਰਦਾ ਦੇ ਸੇਵਾਦਾਰ ਬਾਬਾ ਮਨਸ਼ਾ ਸਿੰਘ ਨੇ ਦੱਸਿਆ ਕਿ ਸੰਪਰਦਾ ਦੇ ਸੇਵਾਦਾਰਾਂ ਵੱਲੋਂ ਇਲਾਕੇ ਅੰਦਰ ਸੜਕਾਂ ਦੇ ਕਿਨਾਰਿਆਂ ਉੱਤੇ ਲਗਾਏ ਪੌਦਿਆਂ ਨੂੰ ਬੀਤੇ ਕਈ ਸਾਲਾਂ ਤੋਂ ਬਕਾਇਦਾ ਤੌਰ ’ਤੇ ਪਾਣੀ ਆਦਿ ਦੇਣ ਤੋਂ ਇਲਾਵਾ ਇਨ੍ਹਾਂ ਦੀ ਸਾਂਭ ਸੰਭਾਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ| ਬਾਬਾ ਮਨਸਾ ਸਿੰਘ ਨੇ ਦੱਸਿਆ ਕਿ ਇਹ ਪੌਦੇ 12-12 ਫੁੱਟ ਦੇ ਪੂਰੇ ਰੁੱਖ਼ ਬਣ ਗਏ ਸਨ| ਜਿਵੇਂ ਹੀ ਬਾਬਾ ਮਨਸਾ ਸਿੰਘ ਇਸ ਖਿਲਾਫ਼ ਇਤਰਾਜ਼ ਕਰਨ ਲਈ ਰਵੀਸ਼ੇਰ ਸਿੰਘ ਦੇ ਘਰ ਗਿਆ ਤਾਂ ਉਸਨੇ ਧਮਕੀਆਂ ਦਿੱਤੀਆਂ|
ਬਾਬਾ ਮਨਸ਼ਾ ਸਿੰਘ ਨੇ ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜਿਸ ’ਤੇ ਕਾਰਵਾਈ ਕਰਦਿਆਂ ਰਵੀਸ਼ੇਰ ਸਿੰਘ ਖਿਲਾਫ਼ ਦਫ਼ਾ 379, 506 ਫੌਜਦਾਰੀ, 33-ਭਾਰਤੀ ਜੰਗਲਾਤ ਐਕਟ-1927 ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ| ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ|