ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 18 ਜੂਨ
ਇੱਥੇ ਜੰਡਿਆਲਾ ਗੁਰੂ ਤੋਂ ਖਡੂਰ ਸਾਹਿਬ ਜਾਣ ਵਾਲੀ ਸੜਕ ’ਤੇ ਸਥਿਤ ਦੋ ਦੁਕਾਨਾਂ ਵਿੱਚ ਸਵੇਰੇ ਤੜਕਸਾਰ ਚੋਰੀ ਹੋ ਗਈ। ਇਸ ਸਬੰਧੀ ਦਿਸ਼ਾ ਬੀਜ ਸਟੋਰ ਦੇ ਮਾਲਕ ਸੌਰਭ ਜੈਨ ਅਤੇ ਐੱਮਕੇ ਮੈਡੀਕਲ ਸਟੋਰ ਦੇ ਮਾਲਕ ਪਵਨ ਕੁਮਾਰ ਕੱਕੜ ਨੇ ਦੱਸਿਆ ਕਿ ਸਵੇਰੇ 4.30 ਤੋਂ 5 ਵਜੇ ’ਤੇ ਦਿਸ਼ਾ ਸੀਡ ਸਟੋਰ ’ਚ ਪੰਜ ਅਣਪਛਾਤੇ ਚੋਰ ਇੱਕ ਸਵਿਫਟ ਕਾਰ ਵਿੱਚ ਆਏ ਤੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ 1 ਲੱਖ ਰੁਪਏ ਲੈ ਗਏ। ਦੁਕਾਨ ਮਾਲਕ ਸੌਰਭ ਜੈਨ ਨੇ ਦੱਸਿਆ ਜਦੋਂ ਉਹ ਦੁਕਾਨ ਖੋਲ੍ਹਣ ਆਏ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ।
ਦੂਜੀ ਘਟਨਾ ਵਿੱਚ ਐੱਮਕੇ ਮੈਡੀਕਲ ਸਟੋਰ ਜੋ ਇਸ ਦੁਕਾਨ ਤੋਂ ਲਗਭਗ 200 ਮੀਟਰ ਦੀ ਦੂਰੀ ’ਤੇ ਹੈ, ਵਿੱਚ ਵੀ ਇਨ੍ਹਾਂ ਕਾਰ ਸਵਾਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਦੁਕਾਨ ਮਾਲਕ ਪਵਨ ਕੁਮਾਰ ਕੱਕੜ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਪਹੁੰਚੇ ਤਾਂ ਉਨ੍ਹਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਦੇਖਿਆ। ਜਦੋਂ ਉਹ ਦੁਕਾਨ ਦੇ ਅੰਦਰ ਗਏ ਤਾਂ 1 ਲੱਖ ਰੁਪਏ ਗਾਇਬ ਸਨ। ਮੁਲਜ਼ਮ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ। ਇਸ ਸਬੰਧੀ ਦੁਕਾਨਦਾਰਾਂ ਵੱਲੋਂ ਜੰਡਿਆਲਾ ਗੁਰੂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਦੁਕਾਨ ਦੇ ਤਾਲੇ ਤੋੜ ਕੇ ਨਕਦੀ ਚੋਰੀ ਕਰਨ ਵਾਲਾ ਨਸ਼ੇੜੀ ਕਾਬੂ
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਜੇਲ੍ਹ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਦੁਪਹਿਰ ਸਮੇਂ ਬੰਦ ਟੈਲੀਕਾਮ ਦੀ ਇੱਕ ਦੁਕਾਨ ਦੇ ਤਾਲੇ ਪੇਚਕਸ ਨਾਲ ਤੋੜ ਕੇ ਗੱਲੇ ਵਿੱਚੋਂ 50 ਹਜ਼ਾਰ ਕੱਢ ਕੇ ਫ਼ਰਾਰ ਹੋਣ ਦੇ ਕੋਸ਼ਿਸ਼ ਕਰਦੇ ਇੱਕ ਨਸ਼ੇੜੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਨੇੜੇ ਹੀ ਸਥਿਤ ਬਾਜਵਾ ਡੇਅਰੀ ਦੀ ਮਾਲਕਣ ਅਮਰਜੀਤ ਕੌਰ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਕੇ ਰੌਲਾ ਪਾਇਆ ਗਿਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਇਸ ਨਸ਼ੇੜੀ ਦੀ ਕੁੱਟਮਾਰ ਵੀ ਕੀਤੀ। ਮੁਲਜ਼ਮ ਦੀ ਪਹਿਚਾਣ ਮੁਨੀਸ਼ ਸ਼ਰਮਾ ਵਾਸੀ ਪਿੰਡ ਗਾਲ੍ਹੜੀ ਵਜੋਂ ਹੋਈ ਹੈ ਜਿਸ ਦੀ ਜੇਬ ਵਿੱਚੋਂ ਸਰਿੰਜ ਵੀ ਬਰਾਮਦ ਹੋਈ ਹੈ। ਦੁਕਾਨ ਦੇ ਮਾਲਕ ਗੁਰਮੇਲ ਸਿੰਘ ਪਿੰਡ ਲਿੱਤਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਦੁਕਾਨ ਬੰਦ ਕਰ ਕੇ ਖਾਣਾ ਖਾਣ ਲਈ ਘਰ ਗਿਆ ਸੀ ਤਾਂ ਪਿੱਛੋਂ ਇਹ ਘਟਨਾ ਵਾਪਰ ਗਈ।