ਪੱਤਰ ਪ੍ਰੇਰਕ
ਤਰਨ ਤਾਰਨ, 29 ਅਕਤੂਬਰ
ਥਾਣਾ ਵੈਰੋਵਾਲ ਦੇ ਸਬ ਇੰਸਪੈਕਟਰ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਬੀਤੇ ਕੱਲ੍ਹ ਇਲਾਕੇ ਦੇ ਪਿੰਡ ਜਵੰਦਪੁਰ ਦੀ ਨਹਿਰ ਦੇ ਪੁਲ ’ਤੇ ਲਗਾਏ ਨਾਕੇ ਤੋਂ ਮੋਟਰਸਾਈਕਲ ਸਵਾਰ ਨੂੰ ਕਾਬੂ ਕਰਕੇ ਉਸ ਕੋਲੋਂ 2.700 ਕਿਲੋ ਅਫੀਮ ਬਰਾਮਦ ਕੀਤੀ। ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ|
ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਨਾਕੇ ’ਤੇ ਪੁਲੀਸ ਪਾਰਟੀ ਨੂੰ ਦੇਖਦਿਆਂ ਮੋਟਰਸਾਈਕਲ ਸਵਾਰ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਲਿੱਪ ਕਰ ਗਿਆ ਜਿਸ ’ਤੇ ਪੁਲੀਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਦੀ ਸ਼ਨਾਖਤ ਖਡੂਰ ਸਾਹਿਬ ਦੀ ਪੱਤੀ ਫੱਲਿਆਂ ਕੀ ਦੇ ਵਾਸੀ ਕੁਲਜੀਤ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ। ਮੌਕੇ ਤੋਂ ਉਸ ਦੇ ਫਰਾਰ ਹੋ ਗਏ ਸਾਥੀ ਦੀ ਪਛਾਣ ਖਡੂਰ ਸਾਹਿਬ ਦੀ ਪੱਤੀ ਗੁਰਮੁੱਖਾਂ ਕੀ ਦੇ ਵਾਸੀ ਗੁਰਪ੍ਰੀਤ ਸਿੰਘ ਗੋਪੀ ਦੇ ਤੌਰ ’ਤੇ ਕੀਤੀ ਗਈ ਹੈ| ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।