ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਜੂਨ
ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਇਥੇ ਵੱਖ-ਵੱਖ ਗੁਰੂਘਰਾਂ ਵਿਚ ਸ਼ਰਧਾ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਸਜਾਏ ਗਏ ਦੀਵਾਨਾਂ ਵਿਚ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਸਜਾਏ ਦੀਵਾਨਾਂ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਭਾਈ ਫਤਹਿ ਸਿੰਘ ਤੇ ਬੀਬੀ ਗੁਰਜੀਤ ਕੌਰ ਦੇ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ, ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਗੁਰਦੁਆਰਾ ਸਿੰਘ ਸਭਾ ਰੇਲ ਵਿਹਾਰ, ਗੁਰਦੁਆਰਾ ਸਿੰਘ ਸਭਾ ਪ੍ਰਤਾਪ ਨਗਰ ਸਮੇਤ ਹੋਰ ਵੱਖ-ਵੱਖ ਥਾਈਂ ਸ਼ਹੀਦੀ ਪੁਰਬ ਸਬੰਧੀ ਦੀਵਾਨ ਸਜਾਏ ਗਏ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਚੀਫ ਖਾਲਸਾ ਦੀਵਾਨ,ਦਮਦਮੀ ਟਕਸਾਲ , ਨਿਹੰਗ ਜਥੇਬੰਦੀ ਬੁੱਢਾ ਦਲ ਵੱਲੋਂ ਵੱਖ ਵੱਖ ਥਾਵਾਂ ’ਤੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਦੀਵਾਨ ਵੱਲੋਂ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਸ਼ਹੀਦੀ ਦਿਵਸ ਅੱਜ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ਼ਹੀਦੀ ਪੁਰਬ ਦੇ ਸਮਾਗਮ ਦੀ ਸ਼ੁਰੂਆਤ ਜਪੁ ਜੀ ਸਾਹਿਬ ਨਾਲ ਹੋਈ ਤੇ ਅੰਤ ਵਿੱਚ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਦੌਰਾਨ ਦਮਦਮੀ ਟਕਸਾਲ ਵਲੋ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸ਼ਹੀਦੀ ਦਿਹਾੜਾ ਮਨਾਇਆ । ਇਸ ਮੌਕੇ ਠੰਢੇ ਮਿਠੇ ਜਲ ਦੀ ਛਬੀਲ ਵੀ ਲਾਈ ਗਈ ਅਤੇ ਲੰਗਰ ਵੀ ਵਰਤਾਇਆ ਗਿਆ ।
ਬਲਾਚੌਰ (ਪੱਤਰ ਪ੍ਰੇਰਕ): ਨਗਰ ਕੌਸਲ ਬਲਾਚੌਰ ਦੇ ਪਿੰਡ ਮਹਿੰਦੀਪੁਰ ਵਿੱਚ ਗੁਰਦੁਆਰਾ ਸਿੰਘ ਸਭਾ ਵਿੱਚ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਭਲਾਈ ਕਲੱਬ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਗੁਰਦੁਆਰੇ ਵਿੱਚ ਅੱਜ ਗੁਰੂ ਗਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਮਗਰਂ ਗੁਰਦੁਆਰੇ ਦੇ ਮੁੱਖ ਗੇਟ ’ਤੇ ਬਲਾਚੌਰ-ਗੜੀ ਰੋਡ ਉਪਰ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ।
ਫਗਵਾੜਾ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਨੁੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਬੰਗਾ ਚੌਕ ਵਿੱਚ ਗੁਰੂ ਗੋਬਿੰਦ ਸਿੰਘ ਯਾਤਰਾ ਸੁਸਾਇਟੀ ਵੱਲੋਂ ਲਗਾਈ ਗਈ। ਜਿਸ ਦਾ ਉਦਘਾਟਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਤੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾਇਆ। ਵਿਧਾਇਕ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਸ਼ਹੀਦੀ ਨੇ ਸਿੱਖ ਕੌਮ ਨੂੰ ਆਪਣੇ ਹੱਕਾ ਲਈ ਲੜਣ ਤੇ ਦੁਖੀਆਂ ਮਜ਼ਲੂਮਾਂ ਦੀ ਰੱਖਿਆ ਕਰਨ ਦਾ ਬਲ ਦਿੱਤਾ। ਅਜਿਹੇ ਪੰਚਮ ਪਾਤਸ਼ਾਹ ਗੁਰੁ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਪੂਰੀ ਦੁਨੀਆ ’ਚ ਨਾਮ ਲੇਵਾ ਸੰਗਤਾ ਵੱਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲੰਗਰ ਲਗਾਕੇ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਅਸ਼ੋਕ ਵਧਵਾ, ਅਮਨਦੀਪ ਕਾਕਾ ਲੰਬੜ, ਝਿਰਮਲ ਸਿੰਘ ਭਿੰਡਰ, ਹਰਜੋਤ ਸਿੰਘ, ਟੋਮਸ ਸੇਠੀ, ਜਸਪਾਲ ਮਹਿਮੀ ਸ਼ਾਮਲ ਸਨ।
ਧਾਰੀਵਾਲ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿੱਚ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਬੰਧ ਵਿੱਚ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਪਠਾਨਕੋਟ (ਪੱਤਰ ਪ੍ਰੇਰਕ): ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ ਵੱਲੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਚੇਅਰਮੈਨ ਹਰਸਿਮਰਨਜੀਤ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਜਨਮਜੀਤ ਸਿੰਘ ਦੀ ਅਗਵਾਈ ਹੇਠ ਰਾਹਗੀਰਾਂ ਨੂੰ ਠੰਢੀ ਕੋਲਡਡ੍ਰਿੰਕ ਵੰਡੀ ਗਈ। ਇਸ ਮੌਕੇ ਸਰਬੱਤ ਖਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲਾਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੇ ਇਲਾਵਾ ਜਥੇਦਾਰ ਗੁਰਜੀਤ ਸਿੰਘ ਸੰਧੂ, ਸੁਖਵਿੰਦਰ ਪਾਲ ਸਿੰਘ, ਜਸਪਾਲ ਸਿੰਘ, ਵਰਿੰਦਰ ਵਿੱਕੀ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸ਼ਰਨਜੀਤ ਸਿੰਘ, ਮਨਪ੍ਰੀਤ ਸਿੰਘ ਤੇ ਪ੍ਰਦੀਪ ਸਿੰਘ ਹਾਜ਼ਰ ਸਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਵੱਖ-ਵੱਖ ਗੁਰਦੁਆਰਿਆਂ ’ਚ ਵਿਸ਼ੇਸ਼ ਦੀਵਾਨ ਸਜਾ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਥਾ ਤੇ ਕੀਰਤਨ ਰਾਹੀਂ ਯਾਦ ਕੀਤਾ ਗਿਆ। ਸ਼ਹਿਰ ’ਚ ਥਾਂ-ਥਾਂ ’ਤੇ ਮਿੱਠੇ ਤੇ ਠੰਢੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।
ਤਰਨ ਤਾਰਨ (ਪੱਤਰ ਪ੍ਰੇਰਕ): ਖੱਬੀਆਂ ਧਿਰਾਂ ਦੀ ਜਥੇਬੰਦੀ ਏਟਕ ਨਾਲ ਸਬੰਧਿਤ ਜਨਤਕ ਜਥੇਬੰਦੀਆਂ ਵੱਲੋਂ ਅੱਜ ਇਥੇ ਕੀਤੇ ਇਕ ਸਮਾਗਮ ਦੌਰਾਨ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ’ਤੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਪ੍ਰਣਾਮ ਕੀਤਾ| ਜਥੇਬੰਦੀਆਂ ਵੱਲੋਂ ਵਿਸ਼ਵ ਪੱਧਰ ਦੇ ਕਰਾਂਤੀਕਾਰੀ ਆਗੂ ਚੀ ਗਵੇਰਾ ਨੂੰ ਵੀ ਉਸ ਦੇ ਜਨਮ ਦਿਹਾੜੇ ’ਤੇ ਯਾਦ ਕੀਤਾ| ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਨਗਰ ਕੀਰਤਨ ਨਹੀਂ ਸਜਾਇਆ ਗਿਆ| ਇਸ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਗਏ।
ਪਠਾਨਕੋਟ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਪਿੰਡ ਚੱਕ ਮਾਧੋ ਸਿੰਘ ਸਥਿਤ ਆਪਣੇ ਦਫ਼ਤਰ ਵਿੱਚ ਅੱਜ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ। ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜਾਇਆ ਗਿਆ।
ਚੋਹਲਾ ਸਾਹਿਬ (ਪੱਤਰ ਪ੍ਰੇਰਕ): ਗੁਰੂ ਅਰਜਨ ਦੇਵ ਦੇ ਵਰਸਾਏ ਹੋਏ ਪਵਿੱਤਰ ਨਗਰ ਚੋਹਲਾ ਸਾਹਿਬ ਵਿੱਚ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਅੰਮ੍ਰਿਤ ਵੇਲੇ ਪਾਉਣ ਮਗਰੋਂ ਹਜ਼ੂਰੀ ਰਾਗੀ ਜਥਿਆਂ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਕੀਤੇ। ਇਸ ਮਗਰੋਂ ਕਥਾ ਵਾਚਕਾਂ ਨੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਜੀਓ ਸੈਂਟਰ ਗੜ੍ਹਸ਼ੰਕਰ ਸਾਹਮਣੇ ਧਰਨਾ ਤੇ ਰੈਲੀ 190ਵੇਂ ਦਿਨ ਵਿੱਚ ਕੈਪਟਨ ਕਰਨੈਲ ਸਿੰਘ ਪਨਾਮ ਦੀ ਪ੍ਰਧਾਨਗੀ ਹੇਠ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਜੀ ਦੀ ਸ਼ਹਾਦਤ ਨੂੰ ਯਾਦ ਕਰਕੇ ਅਹਿਦ ਕਰਦੇ ਹਾਂ ਕਿ ਕਿਸਾਨਾਂ ਦੇ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਗਰਾਮ ਨੂੰ ਜਿੱਤ ਤੱਕ ਲੈਕੇ ਜਾਵਾਂਗੇ।
ਕਿਸਾਨਾਂ ਮੋਰਚਿਆਂ ਵਿੱਚ ਸ਼ਹੀਦੀ ਦਿਹਾੜਾ ਮਨਾਇਆ
ਗੁਰਦਾਸਪੁਰ (ਪੱਤਰ ਪ੍ਰੇਰਕ): ਰੇਲਵੇ ਸਟੇਸ਼ਨ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਪੱਕੇ ਮੋਰਚੇ ਵਾਲੀ ਥਾਂ ’ਤੇ ਗੁਰੂ ਅਰਜੁਨ ਦੇਵ ਦਾ ਸ਼ਹੀਦੀ ਦਿਹਾੜਾ ਧਾਰਮਿਕ ਰੀਤਾਂ ਨਾਲ ਮਨਾਇਆ ਗਿਆ। ਇਸ ਮੌਕੇ ਗਿਆਨੀ ਦਵਿੰਦਰ ਸਿੰਘ ਤਿੱਬੜ ਹੋਰਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਕਿਸਾਨਾਂ ਦੇ ਸੰਘਰਸ਼ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਮੋਰਚੇ ਦੇ ਆਗੂਆਂ ਬਲਬੀਰ ਸਿੰਘ ਰੰਧਾਵਾ, ਐੱਸਪੀ ਸਿੰਘ ਗੌਸਲ, ਮੱਖਣ ਸਿੰਘ ਕੁਹਾੜ ਅਤੇ ਮੁਖ ਬੁਲਾਰੇ ਬੋਧ ਸਿੰਘ ਘੁੰਮਣ ਨੇ ਸੰਬੋਧਨ ਕਰਦੇ ਆਖਿਆ ਕਿ ਗੁਰੂ ਜੀ ਦੀ ਸ਼ਹਾਦਤ ਜ਼ੁਲਮ ਦੇ ਖ਼ਿਲਾਫ਼ ਲੜਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਵੇਲੇ ਤਤਕਾਲੀ ਹਾਕਮ, ਬ੍ਰਾਹਮਣਵਾਦ, ਅੰਧ ਵਿਸ਼ਵਾਸ, ਜਾਤਪਾਤ, ਫਿਰਕਾਪ੍ਰਸਤੀ, ਜਗੀਰਦਾਰੀ ਤੇ ਤਾਨਾਸ਼ਾਹੀ ਜਮਾਤ ਖਿਲਾਫ਼ ਆਵਾਜ ਬੁਲੰਦ ਕਰਨ ਕਰਕੇ ਹੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਲਸਾਨੀ ਸ਼ਹਾਦਤ ਤੋਂ ਸਬਕ ਲੈ ਕੇ ਧੱਕਾਸ਼ਾਹੀ ਖ਼ਿਲਾਫ਼ ਲੜਨ ਦਾ ਅਹਿਦ ਲੈਣਾ ਚਾਹੀਦਾ ਹੈ। ਆਗੂਆਂ ਨੇ ਦਿੱਲੀ ਮੋਰਚੇ ਵਿੱਚ ਅਤਿ ਦੀ ਗਰਮੀ ਵਿੱਚ ਬੈਠੇ ਕਿਸਾਨਾਂ ਨੂੰ ਗੁਰੂ ਦੇ ਅਸਲ ਵਾਰਸ ਦੱਸਿਆ।