ਜਤਿੰਦਰ ਬੈਂਸ
ਗੁਰਦਾਸਪੁਰ, 31 ਜਨਵਰੀ
ਕੇਂਦਰ ਦੀ ਮੋਦੀ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ, ਬਾਬਾ ਮਸਤੂ ਜੀ ਤੇ ਜ਼ੋਨ ਬੇਬੇ ਨਾਨਕੀ ਵੱਲੋਂ ਸਾਂਝੇ ਤੌਰ ‘ਤੇ ਇੱਕਠ ਕਰਕੇ ਇਥੇ ਹਰਦੋਛੰਨੀ ਰੋਡ ਬਾਈ ਪਾਸ ’ਤੇ ਜਾਮ ਕੀਤਾ।
ਇਸ ਮੌਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਪੁਤਲਾ ਵੀ ਫੂਕਿਆ ਗਿਆ। ਆਗੂਆਂ ਰਣਬੀਰ ਸਿੰਘ ਡੁਗਰੀ, ਸੁਖਦੇਵ ਕੌਰ ਕਾਲਾ ਨੰਗਲ, ਸੁਖਵਿੰਦਰ ਸਿੰਘ ਦਾਖ਼ਲਾ, ਸੁਖਦੇਵ ਸਿੰਘ ਅੱਲੜ ਪਿੰਡੀ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਕੁਲਜੀਤ ਸਿੰਘ ਹਯਾਤ ਨਗਰ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਜਤਿੰਦਰ ਸਿੰਘ ਵਰਿਆ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਝੂਠ ਬੋਲਣ ਤੇ ਧੋਖਾ ਕਰਨਾ ਫਿਤਰਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਸਰਕਾਰਾਂ ਵੱਲੋਂ ਕੀਤੇ ਜਾਂਦੇ ਵਾਅਦਿਆਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਦੌਰਾਨ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਪਰ ਸਹੀ ਮਾਇਨੇ ਵਿੱਚ ਨੇਪਰੇ ਨਹੀਂ ਚਾੜਿਆਂ ਗਿਆ। ਜਿਸ ਕਾਰਨ ਕਿਸਾਨ ਭਾਈਚਾਰੇ ਵਿੱਚ ਭਾਰੀ ਨਿਰਾਸ਼ਤਾ ਤੇ ਗੁੱਸਾ ਹੈ।
ਤਰਨ ਤਾਰਨ (ਪੱਤਰ ਪ੍ਰੇਰਕ) ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਅੱਜ ਕੌਮੀ ਸ਼ਾਹ ਮਾਰਗ ’ਤੇ ਰਸੂਲਪੁਰ ਨਹਿਰਾਂ ਤੇ ਮਨਾਏ ਵਿਸ਼ਵਾਸ਼ਘਾਤ ਦਿਵਸ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ| ਕਿਸਾਨਾਂ ਨੇ ਆਵਾਜਾਈ ਠੱਪ ਕਰਕੇ ਸਰਕਾਰ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ| ਕਿਸਾਨਾਂ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਫਤਿਹ ਸਿੰਘ ਪਿੱਦੀ, ਲਖਵਿੰਦਰ ਸਿੰਘ ਪਲਾਸੌਰ, ਸੁਖਵਿੰਦਰ ਸਿੰਘ ਦੁਗਲਵਾਲਾ, ਬਲਜਿੰਦਰ ਸਿੰਘ ਸ਼ੇਰੋਂ ਨੇ ਸੰਬੋਧਨ ਕੀਤਾ|
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਆਜ਼ਾਦ ਕਿਸਾਨ ਕਮੇਟੀ ਦੋਆਬਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਧਾਨ ਮੰਤਰੀ ਦਾ ਪੁਤਲਾ ਫ਼ੂਕ ਕੇ ਵਿਸ਼ਵਾਸਘਾਤ ਦਿਵਸ ਮਨਾਇਆ। ਕਮੇਟੀ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸੰਘਾ ਤੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਸੰਘਾ ਨੇ ਇਸ ਮੌਕੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਸਮਾਪਤ ਕਰਨ ਲਈ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦਿੱਤਾ ਸੀ ਪਰ ਇਸ ਸਭ ਦੇ ਬਾਵਜੂਦ ਅੱਜ ਤੱਕ ਨਾ ਤਾਂ ਐੱਮ.ਐੱਸ.ਪੀ ਦੇ ਸਮਰਥਨ ਮੁੱਲ ਦੀ ਗਰੰਟੀ ਦਾ ਕਾਨੂੰਨ ਬਣਾਇਆ ਗਿਆ ਤੇ ਨਾ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਤੇ ਨਾ ਕਿਸਾਨਾਂ ’ਤੇ ਦਰਜ ਮੁਕੱਦਮੇ ਰੱਦ ਹੋਏ ਹਨ।
ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਕੇਂਦਰ ਦੀ ਭਾਜਪਾ ਸਰਕਾਰ ਦੀ ਵਾਅਦਾਖ਼ਿਲਾਫ਼ੀ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਤੇ ਅਵਤਾਰ ਸਿੰਘ ਸੇਖੋਂ ਦੀ ਅਗਵਾਈ ’ਚ ਸਰਕਾਰੀ ਹਸਪਤਾਲ ਅੱਗੇ ਨਾਅਰੇਬਾਜ਼ੀ ਕੀਤੀ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਲਦੀ ਹੀ ਐਮ.ਐੱਸ.ਪੀ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਧਰਨਕਾਰੀਆਂ ’ਤੇ ਦਰਜ ਕੀਤੇ ਕੇਸ ਵਾਪਸ ਲਏ ਜਾਣਗੇ। ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ ਤੇ ਬਿਜਲੀ ਐਕਟ ਰੱਦ ਕਰ ਦਿੱਤਾ ਜਾਵੇਗਾ ਪਰ ਮੋਦੀ ਸਰਕਾਰ ਮੰਗਾਂ ਤੋਂ ਪਿੱਛੇ ਹਟ ਗਈ ਹੈ।
ਅਟਾਰੀ (ਪੱਤਰ ਪ੍ਰੇਰਕ) ਸੰਯੁਕਤ ਕਿਸਾਨ ਮੋਰਚਾ (ਭਾਰਤ) ਵੱਲੋਂ ਦਿੱਤੇ ਸੱਦੇ ਤਹਿਤ ਅੱਜ ‘ਵਿਸ਼ਵਾਸ਼ਘਾਤ ਦਿਵਸ’ ਮਨਾਇਆ ਜਿਸਦੀ ਅਗਵਾਈ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਗੁਰਦੇਵ ਸਿੰਘ ਮੁਹਾਵਾ, ਨਿਰਮਲ ਸਿੰਘ ਮੋਦੇ ਨੇ ਕੀਤੀ। ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ 9 ਦਸੰਬਰ 2021 ਨੂੰ ਮੋਦੀ ਸਰਕਾਰ ਨੇ ਸਮੂਹ ਮੰਗਾਂ ਜਿਨ੍ਹਾਂ ਵਿੱਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਗ੍ਰਿਫ਼ਤਾਰੀ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ, ਬਿਜਲੀ ਐਕਟ-2021 ਵਾਪਸ ਲੈਣ, ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਆਦਿ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਦੋ ਮਹੀਨਿਆਂ ਪਿੱਛੋਂ ਵੀ ਘੇਸ ਮਾਰੀ ਹੋਈ ਹੈ।
ਜੈਂਤੀਪੁਰ (ਪੱਤਰ ਪ੍ਰੇਰਕ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਨਾ ਕਰਨ ਅਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਕੇ ਉਲਟਾ ਸੱਤਾ ਵਿੱਚ ਬਿਠਾਈ ਰੱਖਣ ਦੇ ਰੋਸ ਵੱਜੋਂ ਵਿਸ਼ਵਾਸਘਾਤ ਦਿਵਸ ਮਨਾਉਂਦਿਆਂ ਜੋਨ ਕੱਥੂਨੰਗਲ, ਮਜੀਠਾ, ਟਾਹਲੀ ਸਾਹਿਬ ਅਤੇ ਟੋਲ ਪਲਾਜ਼ਾ ਕੱਥੂਨੰਗਲ ਵਿਖੇ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਲਾਚੌਰ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਵਿਸ਼ਵਾਸ਼ਘਾਤ ਦਿਵਸ ਮਨਾਇਆ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸਮਝੌਤਾ ਲਾਗੂ ਨਾ ਕਰਨ ਲਈ ਨਾਅਰੇਬਾਜ਼ੀ ਕੀਤੀ ਗਈ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸੰਯੁਕਤ ਕਿਸਾਨ ਮੋਰਚਾ ਬਲਾਕ ਬਲਾਚੌਰ ਦੇ ਕਨਵੀਨਰ ਰਾਣਾ ਕਰਨ ਸਿੰਘ ਤੇ ਕਾਮਰੇਡ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ 19 ਨਵੰਬਰ ਦੇ ਪ੍ਰਧਾਨ ਮੰਤਰੀ ਦੇ ਦੇਸ਼ ਦੇ ਲੋਕਾਂ ਦੇ ਨਾਂ ਸੰਦੇਸ਼ ਵਿੱਚ ਉਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਤੇ ਐੱਮ.ਐੱਸ.ਪੀ. ’ਤੇ ਖਰੀਦ ਦੀ ਗਾਰੰਟੀ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਇਹ ਝੂਠਾ ਸਾਬਤ ਹੋਇਆ।