ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 6 ਅਗਸਤ
ਗੋਇੰਦਵਾਲ ਸਾਹਿਬ ਦੇ ਮਿੰਨੀ ਹੈਲਥ ਸੈਂਟਰ ਵਿੱਚ ਤਾਇਨਾਤ ਏਐੱਨਐੱਮ ਖ਼ਿਲਾਫ਼ ਜਨਮ ਤੇ ਮੌਤ ਦਾ ਸਰਟੀਫਿਕੇਟ ਬਣਾਉਣ ਬਦਲੇ ਲੋਕਾਂ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਸਬੰਧੀ ਪਿੰਡ ਦੇ ਪਤਵੰਤਿਆਂ ਨੇ ਸਿਹਤ ਵਿਭਾਗ ਕੋਲ ਸ਼ਿਕਾਇਤ ਕੀਤੀ ਹੈ। ਜਿਸ ਮਗਰੋਂ ਸਿਹਤ ਵਿਭਾਗ ਨੇ ਉਕਤ ਏਐੱਨਐੱਮ ਨੂੰ ਸਿਵਲ ਸਰਜਨ ਤਰਨਤਾਰਨ ਦੇ ਦਫ਼ਤਰ ਤਲਬ ਕੀਤਾ ਹੈ। ਵਰਿੰਦਰ ਜੋਤੀ ਨੇ ਸਿਹਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਕਿ ਗੋਇੰਦਵਾਲ ਸਾਹਿਬ ਦੇ ਪੀਐੱਚਸੀ ਵਿੱਚ ਤਾਇਨਾਤ ਏਐੱਨਐੱਮ ਜਸਮੀਤ ਕੌਰ ਪਿੰਡ ਵਾਲਿਆਂ ਕੋਲੋਂ ਜਨਮ ਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਸਮੇਂ ਪੈਸੇ ਵਸੂਲਦੀ ਹੈ। ਸ਼ਿਕਾਇਤਕਰਤਾ ਗੋਇੰਦਵਾਲ ਸਾਹਿਬ ’ਚ ਪੰਚਾਇਤ ਮੈਂਬਰ ਹੈ। ਇਸ ਸਬੰਧੀ ਏਐੱਨਐੱਮ ਜਸਮੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਪੱਖ ਰੱਖਣਾ ਜ਼ਰੂਰੀ ਨਹੀਂ ਸਮਝਿਆ।