ਪੱਤਰ ਪ੍ਰੇਰਕ
ਪਠਾਨਕੋਟ, 29 ਮਈ
ਪੰਜਾਬ ਵਿੱਚ ਮਨਾਏ ਜਾਣ ਵਾਲੇ ਘੱਲੂਘਾਰਾ ਹਫਤੇ ਨੂੰ ਲੈ ਕੇ ਪਠਾਨਕੋਟ ਕੈਂਟ ਸਟੇਸ਼ਨ ’ਤੇ ਜੀਆਰਪੀ (ਰੇਲਵੇ ਪੁਲੀਸ) ਵੱਲੋਂ ਆਰਪੀਐਫ ਅਤੇ ਜ਼ਿਲ੍ਹਾ ਪੁਲੀਸ ਦੇ ਸਹਿਯੋਗ ਨਾਲ ਡੀਐੱਸਪੀ ਰਣਬੀਰ ਸਿੰਘ ਦੀ ਅਗਵਾਈ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੌਕੇ ਸਟੇਸ਼ਨ ਦੇ ਮੇਨ ਗੇਟ, ਪਲੇਟਫਾਰਮ, ਪਾਰਸਲ ਘਰ, ਉਡੀਕ ਘਰ, ਟੈਕਸੀ ਸਟੈਂਡ, ਪਾਰਕਿੰਗ ਏਰੀਆ ਅਤੇ ਜੰਮੂਤਵੀ-ਕਟਰਾ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਨੂੰ ਚੈਕ ਕੀਤਾ ਗਿਆ।
ਡੀਐੱਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਪੱਤਰ ਮਿਲਣ ਅਤੇ ਘੱਲੂਘਾਰਾ ਹਫਤੇ ਦੇ ਤਹਿਤ ਰੇਲਵੇ ਸਟੇਸ਼ਨ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਯਾਤਰੀਆਂ ਦੇ ਬੈਗਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਠਾਨਕੋਟ ਪੁੱਜਣ ਅਤੇ ਜੰਮੂਤਵੀ ਤੋਂ ਕੈਂਟ ਦੇ ਰਸਤੇ ਜਾਣ ਵਾਲੀਆਂ ਰੇਲ ਗੱਡੀਆਂ ਵਿੱਚ ਸਵਾਰ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਕਿਸੇ ਅਣਜਾਨ ਵਿਅਕਤੀ ਦੇ ਦਿਖਾਈ ਦੇਣ ’ਤੇ ਤੁਰੰਤ ਇਸ ਦੀ ਸੂਚਨਾ ਜੀਆਰਪੀ, ਆਰਪੀਐੱਫ, ਜ਼ਿਲ੍ਹਾ ਪੁਲੀਸ ਅਤੇ ਰੇਲਵੇ ਅਧਿਕਾਰੀਆਂ ਨੂੰ ਦੇਣ ਲਈ ਕਿਹਾ ਗਿਆ। ਇਸ ਮੌਕੇ ਜੀਆਰਪੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਆਰਪੀਐਫ ਦੇ ਮੁਖੀ ਇੰਸਪੈਕਟਰ ਐਨਕੇ ਸਿੰਘ ਆਦਿ ਵੀ ਹਾਜ਼ਰ ਸਨ।