ਨਿੱਜੀ ਪੱਤਰ ਪ੍ਰੇਰਕ
ਬਟਾਲਾ, 21 ਨਵੰਬਰ
ਜਲੰਧਰ ਡਿਵੀਜ਼ਨ ਕਮਿਸ਼ਨਰ-ਕਮ-ਰੋਲ ਅਬਜ਼ਰਵਰ ਵੀਕੇ ਮੀਨਾ ਵੱਲੋਂ ਅੱਜ ਬਟਾਲਾ ਸ਼ਹਿਰ ਦਾ ਦੌਰਾ ਕਰਕੇ ਵੋਟਰ ਸੂਚੀਆਂ ਦੀ ਸੁਧਾਈ ਲਈ ਚੱਲ ਰਹੇ ਅਭਿਆਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡੀਸੀ ਕਮ-ਜ਼ਿਲ੍ਹਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫ਼ਾਕ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਨਾ ਨੇ ਸਥਾਨਕ ਪੁਲੀਸ ਲਾਈਨ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵੋਟਰ ਸੂਚੀਆਂ ਦੀ ਸੁਧਾਈ ਪ੍ਰੋਗਰਾਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 30 ਨਵੰਬਰ ਤੱਕ ਵੋਟਰ ਸੂਚੀਆਂ ਦੀ ਸੁਧਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਦੌਰਾਨ ਇੱਕ ਵੀ ਯੋਗ ਵੋਟਰ ਆਪਣੀ ਵੋਟ ਬਣਵਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀ.ਐੱਲ.ਓਜ਼ ਨੂੰ ਵਿਸ਼ੇਸ਼ ਸਿਖਲਾਈ ਦੇਣ ਦੇ ਨਾਲ ਉਨ੍ਹਾਂ ਨੂੰ ਹਦਾਇਤ ਕੀਤੀ ਜਾਵੇ ਕਿ ਵੋਟ ਬਣਾਉਣ ਲਈ ਭਰੇ ਜਾਣ ਵਾਲੇ ਫਾਰਮ ਦੇ ਸਾਰੇ ਕਾਲਮ ਭਰੇ ਜਾਣ ਅਤੇ ਨਾਲ ਜੋ ਵੀ ਲੋੜੀਂਦੇ ਦਸਤਾਵੇਜ਼ ਹਨ, ਉਨ੍ਹਾਂ ਨੂੰ ਜ਼ਰੂਰ ਲਿਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਨਵੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ, ਵੋਟਰ ਸੂਚੀ ਦੀ ਚੱਲ ਰਹੀ ਸਰਸਰੀ ਸੁਧਾਈ ਦਾ ਨਿਰੀਖਣ ਕਰਨ ਲਈ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਵੀਕੇ ਮੀਨਾ ਵੱਲੋਂ ਬੂਥਾਂ ’ਤੇ ਪਹੁੰਚ ਕੇ ਨਿਰੀਖਣ ਕੀਤਾ ਗਿਆ।
ਸਰਕਾਰੀ ਕਾਲਜ ’ਚ ਵੋਟਰ ਜਾਗਰੂਕਤਾ ਕੈਂਪ
ਅੰਮ੍ਰਿਤਸਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਹੁਕਮਾਂ ’ਤੇ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉੱਤਰੀ ਚੋਣ ਹਲਕੇ ਵਿੱਚ ਸਥਿਤ ਸਰੂਪ ਰਾਣੀ ਸਰਕਾਰੀ ਕਾਲਜ ਫਾਰ ਵਿਮੈਨ ਵਿੱਚ ਸਵੀਪ ਗਤੀਵਿਧੀਆਂ ਕਰਕੇ ਵੋਟਰਾਂ ਲਈ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਵਿਚ ਨਵੇਂ ਵੋਟਰਾਂ ਦੀ ਵੋਟ ਬਣਾਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਹ ਫਾਰਮ ਵਿਦਿਆਰਥੀਆਂ ਵੱਲੋਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪਲਾਈਨ ਐਪ ’ਤੇ ਭਰਿਆ ਜਾ ਸਕਦਾ ਹੈ। ਇਸ ਸਮੇਂ ਕਾਲਜ ਦੀ ਨੋਡਲ ਅਫਸਰ ਪ੍ਰੋਫੈਸਰ ਕਿਰਨਜੀਤ ਕੌਰ ਅਤੇ ਸੈਕਟਰ ਅਫਸਰ ਦਵਿੰਦਰ ਸੈਣੀ ਏਰੀਏ ਵਿੱਚ ਪੈਂਦੇ ਬੀ.ਐੱਲ.ਓਜ਼ ਨਾਲ ਹਾਜ਼ਰ ਰਹੇ।