ਪੱਤਰ ਪ੍ਰਰੇਕ
ਪਠਾਨਕੋਟ, 9 ਸਤੰਬਰ
ਸਭਿਆਚਾਰਕ ਛਿੰਝ ਮੇਲਾ ਸੁਸਾਇਟੀ ਦੇ ਪ੍ਰਧਾਨ ਸੰਜੀਵ ਕੋਹਾਲ ਅਤੇ ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਬੋਰਡ ਦੇ ਚੇਅਰਮੈਨ ਪੁਨੀਤ ਸੈਣੀ ਪਿੰਟਾ ਦੀ ਅਗਵਾਈ ਵਿੱਚ ਅੱਧਾ ਖੂਹ ਪਿੰਡ ਵਿੱਚ ਛਿੰਝ ਮੇਲਾ ਕਰਵਾਇਆ ਗਿਆ। ਇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ ਮੇਜਰ ਅਮਰਦੀਪ ਸਿੰਘ ਮਾਨੇਪੁਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਉਨ੍ਹਾਂ 45 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਦੇ ਇਲਾਵਾ ਮੁੱਖ ਮੰਤਰੀ ਦੇ ਓਐੱਸਡੀ ਦਮਨਜੀਤ ਸਿੰਘ ਸੋਹੀ ਵੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਛਿੰਝ ਮੇਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕਈ ਸਥਾਨਾਂ ਤੋਂ 200 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ ਅਤੇ ਜ਼ੋਰ ਅਜ਼ਮਾਈ ਕਰ ਕੇ ਆਪਣਾ ਦਮ ਦਿਖਾਇਆ। ਵੱਡੀ ਝੰਡੀ ਦੀ ਕੁਸ਼ਤੀ ਵਿੱਚ ਬੱਗਾ ਕੋਹਾਲੀ ਪਹਿਲਵਾਨ ਨੇ ਮੰਨਾ ਵਾਰੋਆਲ ਪਹਿਲਵਾਨ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦ ਕਿ ਛੋਟੀ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਚੱਕ ਮਾਧੋਸਿੰਘ ਦੇ ਮਿੰਦਾ ਪਹਿਲਵਾਨ ਅਤੇ ਜੱਸਾ ਪਹਿਲਵਾਨ ਵਾਰੋਆਲ ਦਰਮਿਆਨ ਹੋਇਆ, ਜੋ ਕਿ ਬਰਾਬਰੀ ਤੇ ਰਿਹਾ। ਅੰਤ ਵਿੱਚ ਛਿੰਜ ਮੇਲਾ ਕਮੇਟੀ ਵੱਲੋਂ ਵੱਡੀ ਝੰਡੀ ਦੇ ਜੇਤੂ ਪਹਿਲਵਾਨ ਨੂੰ 51 ਹਜ਼ਾਰ ਰੁਪਏ, ਸਿਰੋਪਾਓ ਅਤੇ ਛੋਟੀ ਝੰਡੀ ਦੇ ਜੇਤੂ ਪਹਿਲਵਾਨ ਨੂੰ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ।