ਬੇਅੰਤ ਸਿੰਘ ਸੰਧੂ
ਪੱਟੀ, 20 ਨਵੰਬਰ
ਸਿਆਸੀ ਪੁਸ਼ਤਪਨਾਹੀ ਹੇਠ ਇਸਾਈ ਭਾਈਚਾਰੇ ਦੇ ਕਬਰਿਸਤਨਾਂ ਉਪਰ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦੇ ਵਿਰੋਧ ਵਿੱਚ ਅੱਜ ਇਸਾਈ ਭਾਈਚਾਰੇ ਦੇ ਵੱਡੀ ਗਿਣਤੀ ’ਚ ਹਾਜ਼ਰ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਪੱਟੀ ਮੋੜ ’ਤੇ ਰੋਸ ਧਰਨਾ ਦਿੱਤਾ। ਧਰਨੇ ਵਿੱਚ ਬੋਲਦਿਆਂ ਇਸਾਈ ਭਾਈਚਾਰੇ ਦੇ ਆਗੂਆਂ ਜਸਬੀਰ ਮਸੀਹ, ਅਵਤਾਰ ਮਸੀਹ, ਗੁਲਜਾਰ ਮਾੜੀ ਮੇਘਾ, ਯੁੂਨਸ ਪੀਟਰ, ਸੂਰਜ ਫੋਲੜੀਵਾਲ, ਰਜਿੰਦਰਪਾਲ ਰਾਜੂ, ਹਰਜਿੰਦਰ ਕਪੂਰਥਲਾ, ਡੇਵਿਡ ਮੱਟੂ ਕਲਾਨੌਰ, ਨਿਰਮਲ ਮਸੀਹ ਨੇ ਕਿਹਾ ਕਿ ਇਸਾਈ ਭਾਈਚਾਰਾ ਆਪਣੇ ਮੁਰਦਿਆਂ ਨੂੰ ਦਫਨਾਉਣ ਲਈ ਵੀ ਦੋ ਗਜ਼ ਜ਼ਮੀਨ ਨੂੰ ਤਰਸ ਰਿਹਾ ਹੈ, ਪਰ ਹਲਕੇ ਦੇ ਪਿੰਡ ਘਰਿਆਲਾ ਖੁਰਦ, ਬੂਹ, ਕੱਚਾ ਪੱਕਾ, ਚੰਬਾ ਕਲਾ, ਠੱਕਰਪੁਰਾ ਸਮੇਤ ਕਈ ਪਿੰਡਾਂ ਅੰਦਰ ਕਬਰਿਸਤਾਨਾਂ ਤੇ ਪ੍ਰਸ਼ਾਸਨ ਅਤੇ ਸਿਆਸੀ ਪੁਸ਼ਤਪਨਾਹੀ ਹੇਠ ਮੁਰਦਿਆਂ ਦੀਆਂ ਕਬਰਾਂ ਨੂੰ ਪੁੱਟ ਕੇ ਕਬਰਿਸਤਾਨਾਂ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਰੋਸ ਧਰਨੇ ਅੰਦਰ ਪਹੁੰਚੇ ਤਹਿਸੀਲਦਾਰ ਪੱਟੀ ਨੂੰ ਇਸਾਈ ਭਾਈਚਾਰੇ ਵੱਲੋਂ ਮੰਗ ਪੱਤਰ ਦਿੱਤਾ ਗਿਆ।