ਐੱਨ.ਪੀ. ਧਵਨ
ਪਠਾਨਕੋਟ, 14 ਜੂਨ
ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰੋਨਾਵਾਇਰਸ ਪਾਜ਼ੇਟਿਵ 68 ਸਾਲਾ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਊਪਰੰਤ ਅੱਜ ਉਸ ਦਾ ਇੱਥੇ ਚੱਕੀ ਪੁਲੀ ਕੋਲ ਸ਼ਮਸ਼ਾਨਘਾਟ ਵਿੱਚ ਕੋਵਿਡ-19 ਦੇ ਨਿਯਮਾਂ ਤਹਿਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਅਸ਼ੋਕ ਕੁਮਾਰ ਵਾਸੀ ਸੁੰਦਰ ਨਗਰ ਦਾ ਵਸਨੀਕ ਸੀ। ਊਸ ਦੀ ਕੁੱਝ ਦਿਨ ਪਹਿਲਾਂ ਅਚਾਨਕ ਤਬੀਅਤ ਵਿਗੜਣ ’ਤੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਲੁਧਿਆਣਾ ਲੈ ਗਏ ਸਨ। ਰਾਤ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਅੱਜ ਉਸ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਆਈ। ਉਸ ਦੀ ਲਾਸ਼ ਦਾ ਸਸਕਾਰ ਇੱਥੇ ਪ੍ਰੋਟੋਕੋਲ ਤਹਿਤ ਕੀਤਾ ਗਿਆ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਿਹਤ ਵਿਭਾਗ ਨੇ ਅੱਜ ਊਦੋਂ ਸੁੱਖ ਦਾ ਸਾਹ ਲਿਆ ਜਦੋਂ ਪਹਿਲਾਂ ਭੇਜੇ ਗਏ 610 ਸੈਂਪਲਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਗਈਆਂ। ਇਸ ਦੌਰਾਨ 15 ਜਣਿਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਜਿਹੜੇ ਵਿਅਕਤੀਆਂ ਦੀਆਂ ਰਿਪੋਰਟਾਂ ਅੱਜ ਪਾਜ਼ੇਟਿਵ ਆਈਆਂ ਹਨ ਉਨ੍ਹਾਂ ਵਿੱਚੋਂ ਇਕ ਮਰੀਜ਼ ਦੀ ਮੌਤ ਤਾਂ 11 ਜੂਨ ਨੂੰ ਹੋ ਚੁੱਕੀ ਹੈ ਪਰ ਊਸ ਦੀ ਕਰੋਨਾਵਾਇਰਸ ਪਾਜ਼ੇਟਿਵ ਹੋਣ ਸਬੰਧੀ ਰਿਪੋਰਟ ਅੱਜ ਆਈ ਹੈ। ਇਸ ਤਰ੍ਹਾਂ ਜਲੰਧਰ ਵਿੱਚ ਹੁਣ ਤੱਕ ਕਰੋਨਾ ਕਾਰਨ 12 ਮੌਤਾਂ ਹੋ ਚੁੱਕੀਆਂ ਅਤੇ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 342 ਹੋ ਚੁੱਕੀ ਹੈ।
ਗੁਰਦਾਸਪੁਰ (ਜਤਿੰਦਰ ਬੈਂਸ): ਜ਼ਿਲ੍ਹਾ ਗੁਰਦਾਸਪੁਰ ਵਿੱਚ ਅੱਜ ਤਿੰਨ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ ਇੱਕ ਮਰੀਜ਼ ਕਸਬਾ ਦੀਨਾਨਗਰ, ਪਿੰਡ ਛੋਟਾ ਬਿਆਨਪੁਰ ਅਤੇ ਇਕ ਬਟਾਲਾ ਦੇ ਪਿੰਡ ਜੈਤੋ ਸਰਜਾ ਨਾਲ ਸਬੰਧਤ ਹੈ। ਸਿਵਲ ਸਰਜਨ ਕਿਸ਼ਨ ਪਿਛੇ ਚੰਦ ਨੇ ਦੱਸਿਆ ਕਿ ਛੋਟਾ ਬਿਆਨ ਵਾਸੀ (72) ਸਾਲਾ ਵਿਅਕਤੀ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ 12 ਜੂਨ ਨੂੰ ਅੰਮ੍ਰਿਤਸਰ ਦਾਖਲ ਹੋਇਆ ਸੀ। ਪਿੰਡ ਛੋਟਾ ਬਿਆਨ ਵਾਸੀ ਵਿਅਕਤੀ ਬੀਤੇ ਦਿਨੀਂ ਹਰਿਆਣਾ ਤੋਂ ਪਰਤਿਆ ਹੈ। ਪਿੰਡ ਜੈਤੋ ਸਰਜਾ ਨਾਲ ਸਬੰਧਤ ਇੱਕ ਮਹਿਲਾ ਹੈ ਜੋ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਅੰਮ੍ਰਿਤਸਰ ਦੇ ਈਐੱਮਸੀ ਹਸਪਤਾਲ ’ਚ ਇਲਾਜ ਕਰਵਾ ਰਹੀ ਸੀ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ’ਚ ਅੱਜ ਕਰੋਨਾਵਾਇਰਸ ਦੇ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਹੁਣ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 139 ਹੋ ਗਈ ਹੈ। ਪਿੰਡ ਮਹਿਣੋਵਾਲ ’ਚ ਰਹਿੰਦਾ 22 ਸਾਲਾ ਪੱਖੋ ਕੁਮਾਰ ਨਾਂ ਦਾ ਮਰੀਜ਼ ਪਰਵਾਸੀ ਮਜ਼ਦੂਰ ਹੈ ਜੋ ਬਿਹਾਰ ਦਾ ਰਹਿਣ ਵਾਲਾ ਹੈ।
ਪੁਲੀਸ ਵੱਲੋਂ ਫੜਿਆ ਵਿਅਕਤੀ ਨਿਕਲਿਆ ਕਰੋਨਾ ਪਾਜ਼ੇਟਿਵ
ਨਡਾਲਾ (ਸਰਬੱਤ ਸਿੰਘ ਕੰਗ): ਇਥੇ ਸੁਭਾਨਪੁਰ ਥਾਣੇ ਅੰਦਰ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਥਾਣਾ ਅਮਲੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੁਭਾਨਪੁਰ ਥਾਣੇ ਅੰਦਰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹਵਾਲਾਤੀ ਨੂੰ ਬੁਖ਼ਾਰ ਦੀ ਸ਼ਿਕਾਇਤ ਆਉਣ ’ਤੇ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ, ਜਿੱਥੇ ਜਾਂਚ ਕਰਨ ’ਤੇ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਉਪਰੰਤ ਥਾਣਾ ਮੁਖੀ ਸਮੇਤ ਉਸਦੇ ਸੰਪਰਕ ਵਿੱਚ ਆਏ ਅਧਿਕਾਰੀਆਂ ਤੇ ਨਾਲ ਰਹੇ ਹਵਾਲਾਤੀਆ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ। ਪੂਰੇ ਥਾਣੇ ਨੂੰ ਸੈਨੇਟਾਈਜ਼ ਕੀਤਾ ਰਿਹਾ ਹੈ ਅਤੇ ਇਹਨਾਂ ਸਾਰੇ ਕਰਮਚਾਰੀਆਂ ਦੇ ਟੈਸਟ ਕੀਤੇ ਜਾਣਗੇ।
ਪੁਲੀਸ ਅਧਿਕਾਰੀ ਦੀ ਮੌਤ ’ਤੇ ਭੰਬਲਭੂਸਾ
ਤਰਨ ਤਾਰਨ (ਗੁਰਬਖ਼ਸ਼ਪੁਰੀ): ਸਹਾਇਕ ਸਬ ਇੰਸਪੈਕਟਰ ਸੁਖਦਿਆਲ ਸਿੰਘ (55) ਦੀ ਮੌਤ ਸਬੰਧੀ ਸਥਾਨਕ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ’ਚ ਹੈ। ਸਿਵਲ ਸਰਜਨ ਡਾ. ਅਨੂਪ ਕੁਮਾਰ ਵੱਲੋਂ ਅੱਜ ਇੱਥੇ ਦੱਸਿਆ ਗਿਆ ਕਿ ਏਐੱਸਆਈ ਸੁਖਦਿਆਲ ਸਿੰਘ ਦੀ ਮੌਤ ਕੋਵਿਡ-19 ਕਰਕੇ ਨਹੀਂ ਬਲਕਿ ਨਿਮੋਨੀਆ ਕਰਕੇ ਹੋਈ ਹੈ ਜਦੋਂ ਕਿ ਇਸੇ ਅਧਿਕਾਰੀ ਨੇ ਕੱਲ੍ਹ ਸ਼ਨਿਚਰਵਾਰ ਨੂੰ ਸੁਖਦਿਆਲ ਸਿੰਘ ਦੀ ਮੌਤ ਦਾ ਕਾਰਨ ਕੋਵਿਡ-19 ਦੱਸਿਆ ਸੀ।