ਪੱਤਰ ਪ੍ਰੇਰਕ
ਤਰਨ ਤਾਰਨ, 15 ਸਤੰਬਰ
ਸਰਹੱਦੀ ਖੇਤਰ ਅੰਦਰ ਪਾਵਰਕੌਮ ਦੇ ਉਪ ਮੰਡਲ ਝਬਾਲ ਵੱਲੋਂ ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਦੇ ਦੋਸ਼ ਅਧੀਨ ਪਾਏ ਜੁਰਮਾਨਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਤੇ ਪਾਵਰਕੌਮ ਦੇ ਮੁਲਾਜਮਾਂ-ਅਧਿਕਾਰੀਆਂ ਵਿਚਾਲੇ ਚਾਰ ਦਿਨਾਂ ਤੋਂ ਚੱਲਦਾ ਆ ਰਿਹਾ ਟਕਰਾਅ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ| ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਜਥੇਬੰਦੀ ਬਿਜਲੀ ਚੋਰੀ ਕਰਨ ਸਬੰਧੀ ਪਾਏ ਜੁਰਮਾਨੇ ਤੇ ਹੋਰ ਕਾਰਵਾਈ ਰੱਦ ਕਰਵਾਉਣ ਤੱਕ ਆਪਣਾ ਅੰਦੋਲਨ ਜਾਰੀ ਰੱਖੇਗੀ| ਕਿਸਾਨ ਜਥੇਬੰਦੀ ਨੇ ਅੱਜ ਚੌਥੇ ਦਿਨ ਵੀ ਪਾਵਰਕੌਮ ਦੇ ਝਬਾਲ ਦਫ਼ਤਰ ਅੱਗੇ ਧਰਨਾ ਜਾਰੀ ਰੱਖਿਆ| ਕਿਸਾਨਾਂ ਨੇ ਪਾਵਰਕੌਮ ਦੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਅੱਜ ਝਬਾਲ ਥਾਣਾ ਅੱਗੇ ਵੀ ਧਰਨਾ ਦਿੱਤਾ| ਜਿਸ ’ਤੇ ਪੁਲੀਸ ਵੱਲੋਂ ਪਾਵਰਕੌਮ ਦੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦਾ ਯਕੀਨ ਦੇਣ ’ਤੇ ਆਪਣਾ ਧਰਨਾ ਫਿਰ ਤੋਂ ਪਾਵਰਕੌਮ ਦੇ ਦਫ਼ਤਰ ਸਾਹਮਣੇ ਲਗਾ ਦਿੱਤਾ| ਕਿਸਾਨ ਪਾਏ ਜੁਰਮਾਨੇ ਰੱਦ ਕੀਤੇ ਜਾਣ ਆਦਿ ਦੀ ਮੰਗ ਕਰ ਰਹੇ ਹਨ|
ਪਾਵਰਕੌਮ ਦੇ ਮੁਲਾਜ਼ਮਾਂ ਨੇ ਅੱਜ ਦੂਸਰੇ ਦਿਨ ਵੀ ਝਬਾਲ ਉਪ ਮੰਡਲ ਦਫ਼ਤਰ ਬੰਦ ਰੱਖਿਆ| ਪਾਵਰਕੌਮ ਦੇ ਮੁਲਾਜ਼ਮਾਂ ਦੇ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਵੈ-ਇੱਛਾ ਨਾਲ ਲੋਡ ਵਧਾਉਣ ਲਈ ਵੀ.ਡੀ.ਐਸ. ਦੇ ਪੈਸੇ ਜਮ੍ਹਾਂ ਕਰਨ ਲਈ ਹੀ ਮੁਲਾਜ਼ਮਾਂ ਨੇ ਕੰਮ ਕੀਤਾ ਜਦੋਂਕਿ ਬਾਕੀ ਦੇ ਕੰਮ ਠੱਪ ਰੱਖੇ ਗਏ| ਪਾਵਰਕੌਮ ਦੇ ਮੁਲਾਜ਼ਮਾਂ ਨੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।