ਬੇਅੰਤ ਸਿੰਘ ਸੰਧੂ
ਪੱਟੀ, 19 ਜੁਲਾਈ
ਇਲਾਕੇ ਦੇ ਪਿੰਡ ਸ਼ਹੀਦ ਵਿੱਚ ਮੌਜੂਦਾ ਬਲਾਕ ਸਮਿਤੀ ਮੈਂਬਰ ਤੇ ਤਿੰਨ ਪੰਚਾਇਤ ਮੈਂਬਰਾਂ ਸਮੇਤ ਕਈ ਟਕਸਾਲੀ ਪਰਿਵਾਰ ਕਾਂਗਰਸ ਨੂੰ ਛੱਡ ਕੇ ‘ਆਪ’ ਆਗੂ ਤੇ ਪੱਟੀ ਤੋਂ ਹਲਕਾ ਇੰਚਾਰਜ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਨੂੰ ਛੱਡਣ ਵਾਲੇ ਇਹ ਪਿੰਡ ਵਾਸੀ ਆਗੂ ਪਿਛਲੇ 30 ਸਾਲਾਂ ਤੋਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਰਾਜਨੀਤਕ ਤੌਰ ’ਤੇ ਹਲਕੇ ਅੰਦਰ ਵਿਚਰ ਰਹੇ ਸਨ। ਕਾਂਗਰਸ ਛੱਡਣ ਵਾਲੇ ਆਗੂਆਂ ਨੇ ਕਿਹਾ ਕਿ ਹਲਕੇ ਅੰਦਰ ਵਿਧਾਇਕ ਦੇ ਚਹੇਤੇ ਆਗੂ ਤੇ ਵਿਧਾਇਕ ਦੀ ਨਜ਼ਦੀਕੀ ਅਫ਼ਰਸਾਹੀ ਮਨਮਰਜ਼ੀਆ ਕਰ ਰਹੇ ਹਨ ਤੇ ਪਾਰਟੀ ਅੰਦਰ ਮਿਹਨਤੀ ਤੇ ਟਕਸਾਲੀ ਆਗੂਆਂ ਦੀ ਕੋਈ ਕਦਰ ਨਹੀਂ ਰਹੀ, ਜਿਸ ਕਾਰਨ ਉਹ ਨਿਰਾਸ਼ ਹਨ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੋਕ ਪੰਜਾਬ ਵਿੱਚ ‘ਆਪ’ ਦੀ ਸਰਕਾਰ ਚਾਹੁੰਦੇ ਹਨ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਾਂਗਰਸ ਦਾ ਮੌਜੂਦਾ ਬਲਾਕ ਸਮਿਤੀ ਮੈਂਬਰ ਹਰਪਾਲ ਸਿੰਘ, ਧਰਮ ਸਿੰਘ ਮੈਂਬਰ ਪੰਚਾਇਤ, ਰਣਜੀਤ ਸਿੰਘ ਫੋਜੀ ਮੈਂਬਰ ਪੰਚਾਇਤ, ਦਿਲਬਾਗ ਸਿੰਘ ਮੈਂਬਰ ਪੰਚਾਇਤ, ਪਰਮਜੀਤ ਸਿੰਘ ਸਾਬਕਾ ਸਰਪੰਚ, ਪ੍ਰਤਾਪ ਸਿੰਘ ਸਾਬਕਾ ਮੈਂਬਰ ਤੇ ਦਿਲਬਾਗ ਸਿੰਘ ਸਣੇ ਹੋਰ ਆਗੂ ਹਾਜ਼ਰ ਹਨ।
ਨੌਜਵਾਨਾਂ ਨੇ ਕਾਂਗਰਸ ਦਾ ਹੱਥ ਫੜਿਆ
ਦੀਨਾਨਗਰ (ਸਰਬਜੀਤ ਸਾਗਰ): ਇਥੋਂ ਦੇ ਪਿੰਡ ਅਨੰਦਪੁਰ ਦੇ ਇੱਕ ਦਰਜਨ ਭਾਜਪਾ ਪਰਿਵਾਰਾਂ ਨੇ ਅੱਜ ਮੌਜੂਦਾ ਸਰਪੰਚ ਦੀਵਾਨ ਸਿੰਘ ਤੇ ਸਾਬਕਾ ਸਰਪੰਚ ਚੰਨਣ ਸਿੰਘ ਦੀ ਹਾਜ਼ਰੀ ਅਤੇ ਬਲਾਕ ਸਮਿਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਕਾਂਗਰਸ ਦਾ ਪੱਲਾ ਫੜਿਆ। ਇਸ ਤੋਂ ਇਲਾਵਾ ਕੇ-ਟੂ ਰੈਸਟੋਰੈਂਟ ਦੇ ਮਾਲਕ ਨਵੀ ਕੁਮਾਰ ਅਤੇ ਉਸ ਦੇ ਵੱਡੀ ਗਿਣਤੀ ਨੌਜਵਾਨ ਸਾਥੀਆਂ ਨੇ ਵੀ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਦੌਰਾਨ ਭਾਜਪਾ ਦੇ ਪਰਿਵਾਰ ਮੁਖੀਆਂ ਸਮੇਤ ਹੋਰਨਾਂ ਨੌਜਵਾਨਾਂ ਨੂੰ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਹਾਰ ਪਾਕੇ ਕੇ ਪੂਰੀ ਗਰਮਜੋਸ਼ੀ ਨਾਲ ਕਾਂਗਰਸ ’ਚ ਸਵਾਗਤ ਕੀਤਾ। ਕਾਂਗਰਸ ’ਚ ਸ਼ਾਮਲ ਵਾਲਿਆਂ ’ਚ ਸਰਬਜੀਤ ਸਿੰਘ, ਸ਼ਮਿੰਦਰ ਸਿੰਘ, ਨੱਥਾ ਸਿੰਘ, ਸੁੱਚਾ ਸਿੰਘ, ਜਸਪਾਲ ਸਿੰਘ, ਵਿਸਾਖਾ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਬਖਸ਼ੀਸ਼ ਸਿੰਘ, ਹਰਪਾਲ ਸਿੰਘ, ਮਹਿੰਗਾ ਸਿੰਘ, ਕੇਵਲ ਕ੍ਰਿਸ਼ਨ ਅਤੇ ਰਾਜ ਕੁਮਾਰ ਦੇ ਨਾਮ ਪ੍ਰਮੁੱਖ ਹਨ।