ਦਵਿੰਦਰ ਸਿੰਘ ਭੰਗੂ
ਰਈਆ, 20 ਨਵੰਬਰ
ਨਵੇਂ ਬਣੀ ਸਬ-ਤਹਿਸੀਲ ਬਿਆਸ ਦੇ ਕੰਪਲੈਕਸ ਦੀ ਅਤਿ-ਆਧੁਨਿਕ ਇਮਾਰਤ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਹਮੇਸ਼ਾ ਹੀ ਸ਼ਲਾਘਾਯੋਗ ਰਹੀ ਹੈ। ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਸ੍ਰੀ ਚੰਨੀ ਨੇ ਕਿਹਾ ਕਿ ਹੁਣ ਬਿਆਸ ਵਿਖੇ ਇਸ ਸਹੂਲਤ ਦਾ ਸਿੱਧਾ ਲਾਭ ਲਗਪਗ 30 ਪਿੰਡਾਂ ਦੇ 70,000 ਤੋਂ ਵੱਧ ਵਸਨੀਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕੰਪਲੈਕਸ ਪ੍ਰਸ਼ਾਸਨਿਕ ਕੰਮਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਜ਼ਮੀਨ ਦੀ ਰਜਿਸਟਰੀ, ਫ਼ਰਦ ਲੈਣ ਆਦਿ ਤੋਂ ਇਲਾਵਾ ਸੁਵਿਧਾ ਕੇਂਦਰ ਤੇ ਫ਼ਰਦ ਕੇਂਦਰ ਵਰਗੀਆਂ ਜ਼ਰੂਰੀ ਸੇਵਾਵਾਂ ਦੇਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਅਤੇ ਤੁਰੰਤ ਜਾਰੀ ਹੋ ਸਕਣਗੇ।
ਜ਼ਿਕਰਯੋਗ ਹੈ ਕਿ ਰਾਧਾਸੁਆਮੀ ਸਤਿਸੰਗ ਬਿਆਸ ਨੇ ਸਬ ਤਹਿਸੀਲ ਦਫ਼ਤਰ ਲਈ ਨਵਾਂ ਕੰਪਲੈਕਸ ਬਣਾ ਕੇ ਪੰਜਾਬ ਸਰਕਾਰ ਨੂੰ ਦਿੱਤਾ ਹੈ, ਜੋ ਕਿ ਪੰਜ ਏਕੜ ਜ਼ਮੀਨ ਵਾਲੇ ਵਿਸ਼ਾਲ ਖੇਤਰ ਦੇ ਨਾਲ ਸੂਬੇ ਦੀਆਂ ਆਧੁਨਿਕ ਇਮਾਰਤਾਂ ਵਿੱਚੋਂ ਇੱਕ ਹੈ। ਸਬ-ਤਹਿਸੀਲ ਕੰਪਲੈਕਸ ਵਿੱਚ 15,559 ਵਰਗ ਫੁੱਟ ਦੇ ਉਸਾਰੇ ਗਏ ਖੇਤਰ, 10492 ਵਰਗ ਫੁੱਟ ਦੇ ਖੁੱਲ੍ਹੇ ਸ਼ੈੱਡ, 22519 ਵਰਗ ਫੁੱਟ ਖੇਤਰ ਵਿੱਚ ਪਾਰਕਿੰਗ ਤੋਂ ਇਲਾਵਾ 128156 ਵਰਗ ਫੁੱਟ ਹਰੇ ਭਰੇ ਪਾਰਕ ਹਨ। ਪੂਰੀ ਤਰ੍ਹਾਂ ਸਜਾਏ ਇਸ ਕੰਪਲੈਕਸ ਵਿੱਚ ਉਪ ਤਹਿਸੀਲਦਾਰ ਦੇ ਦਫ਼ਤਰ ਅਤੇ ਅਦਾਲਤੀ ਕਮਰੇ ਸਮੇਤ ਕੁੱਲ 34 ਕਮਰੇ, ਸਮੁੱਚੇ ਸਟਾਫ਼ ਲਈ ਕਮਰੇ ਅਤੇ ਇੱਕ ਕਾਨਫ਼ਰੰਸ ਰੂਮ ਹੈ ਜਦਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਕੈਂਪ ਦਫ਼ਤਰ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਤਰਸੇਮ ਸਿੰਘ ਡੀਸੀ ਅਤੇ ਬਲਵਿੰਦਰ ਸਿੰਘ ਲਾਡੀ, ਚੇਅਰਮੈਨ ਪਨਗ੍ਰੇਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐੱਸਐੱਸਪੀ ਰਾਕੇਸ਼ ਕੌਸ਼ਲ ਵੀ ਹਾਜ਼ਰ ਸਨ।