ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 25 ਜਨਵਰੀ
ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਿੰਡ ਦੀ ਸਰਪੰਚੀ ਤੋਂ ਮੁਅੱਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਰਪੰਚ ਜਗਰੂਪ ਸਿੰਘ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਤਿ ਕਰੀਬੀਆਂ ਵਿੱਚੋਂ ਇੱਕ ਹਨ ਜਿਨ੍ਹਾਂ ’ਤੇ ਪੰਚਾਇਤੀ ਚੋਣ ਸਮੇਂ ਕਥਿਤ ਤੌਰ ’ਤੇ ਸਿਆਸੀ ਧੱਕੇਸ਼ਾਹੀ ਨਾਲ ਸਰਪੰਚੀ ਹਥਿਆਉਣ ਦੇ ਦੋਸ਼ ਲੱਗੇ ਸਨ। ਦੂਜੇ ਪਾਸੇ ਇਸ ਚੋਣ ਨੂੰ ਚੁਣੌਤੀ ਦਿੰਦਿਆਂ ਦੂਜੀ ਧਿਰ ਦੇ ਚੋਣ ਲੜ ਰਹੇ ਸਰਪੰਚੀ ਚੋਣ ਦੇ ਦਾਅਵੇਦਾਰ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਦੇ ਭਰਾ ਕੰਵਲਜੀਤ ਸਿੰਘ ਸੰਧੂ ਨੇ ਸਰਪੰਚੀ ਦੀਆਂ ਚੋਣਾਂ ਵਿੱਚ ਕਥਿਤ ਤੌਰ ’ਤੇ ਹੋਈ ਧਾਂਦਲੀ ਦੇ ਦੋਸ਼ ਲਗਾਉਂਦਿਆਂ ਅਦਾਲਤ ਵਿੱਚ ਇਸ ਚੋਣ ਖਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਦੋ ਸਾਲਾਂ ਬਾਅਦ ਆਏ ਫ਼ੈਸਲੇ ਦੌਰਾਨ ਪਿੰਡ ਖਵਾਸਪੁਰ ਦੇ ਮੌਜੂਦਾ ਸਰਪੰਚ ਜਗਰੂਪ ਸਿੰਘ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ ਜਿਸ ਦੌਰਾਨ ਸਰਪੰਚ ਜਗਰੂਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬਿੱਟੂ ਖਵਾਸਪੁਰ ਦੀ ਧਿਰ ਨਾਲ ਸਬੰਧਤ ਕੰਵਲਜੀਤ ਸਿੰਘ ਸੰਧੂ ਨੂੰ ਪਿੰਡ ਖਵਾਸਪੁਰ ਦੇ ਸਰਪੰਚ ਦੇ ਅਹੁਦੇ ’ਤੇ ਬਹਾਲ ਕਰ ਦਿੱਤਾ ਗਿਆ ਹੈ।
ਐੱਸਡੀਐੱਮ ਵੱਲੋਂ ਮਾਮਲੇ ਦੀ ਪੁਸ਼ਟੀ
ਇਸ ਮਾਮਲੇ ਸਬੰਧੀ ਪੁਸ਼ਟੀ ਕਰਦਿਆਂ ਐੱਸਡੀਐੱਮ ਪੱਟੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੰਵਲਜੀਤ ਸਿੰਘ ਸੰਧੂ ਦੀ ਪਟੀਸ਼ਨ ’ਤੇ ਕਾਰਵਾਈ ਕਰਦਿਆਂ ਸਰਪੰਚ ਜਗਰੂਪ ਸਿੰਘ ਨੂੰ ਮੁਅੱਤਲ ਕਰ ਕੇ ਕੰਵਲਜੀਤ ਸਿੰਘ ਸੰਧੂ ਨੂੰ ਪਿੰਡ ਖਵਾਸਪੁਰ ਦਾ ਸਰਪੰਚ ਨਿਯੁਕਤ ਕਰ ਦਿੱਤਾ ਗਿਆ ਹੈ।