ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜਨਵਰੀ
ਲਗਾਤਾਰ ਮੀਂਹ ਤੋਂ ਬਾਅਦ ਹੁਣ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਨੇ ਜਨ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਪਿਛਲਾ ਪੂਰਾ ਹਫਤਾ ਭਾਰੀ ਮੀਂਹ ਅਤੇ ਬੱਦਲਵਾਈ ਵਿਚ ਬੀਤਿਆ ਹੈ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਇਹ ਸਾਰਾ ਹਫਤਾ ਇਸੇ ਤਰ੍ਹਾਂ ਧੁੰਦ ਅਤੇ ਹੱਡ ਚੀਰਵੀਂ ਠੰਢ ਨਾਲ ਬੀਤੇਗਾ। ਅੱਜ ਵੀ ਇਥੇ ਘਟੋ-ਘੱਟ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ, ਜੋ ਰਾਤ ਨੂੰ ਹੋਰ ਹੇਠਾਂ ਡਿੱਗਣ ਦੀ ਸੰਭਾਵਨਾ ਹੈ।
ਅੱਜ ਸਵੇਰੇ ਸੰਘਣੀ ਧੁੰਦ ਸੀ, ਜਿਸ ਕਾਰਨ ਦੂਰ ਦੂਰ ਤਕ ਸਪੱਸ਼ਟ ਦਿਖਾਈ ਨਹੀਂ ਸੀ ਦੇ ਰਿਹਾ। ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਦੁਪਹਿਰ ਵੇਲੇ ਕੁਝ ਧੁੱਪ ਵੀ ਨਿਕਲੀ, ਜਿਸ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਪਰ ਸੂਰਜ ਢਲਦਿਆਂ ਹੀ ਮੁੜ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਮੌਸਮ ਮਾਹਿਰਾਂ ਮੁਤਾਬਕ ਇਹ ਧੁੰਦ ਅਤੇ ਹੱਡ ਚੀਰਵੀਂ ਠੰਢ ਦਾ ਸਿਲਸਿਲਾ ਕੁਝ ਦਿਨ ਹੋਰ ਜਾਰੀ ਰਹੇਗਾ।
ਮੌਸਮ ਵਿਭਾਗ ਵਲੋਂ ਇਕ ਹਫਤੇ ਦੇ ਦੱਸੇ ਜਾ ਰਹੇ ਮੌਸਮ ਦੇ ਰੁਝਾਨ ਵਿਚ ਸਿਰਫ ਇਕ ਦਿਨ ਹੀ ਪੂਰੀ ਤਰ੍ਹਾਂ ਧੁੱਪ ਲੱਗਣ ਦੀ ਸੰਭਾਵਨਾ ਦੱਸੀ ਗਈ ਹੈ। ਜਦੋਂਕਿ ਬਾਕੀ ਦੇ ਦਿਨ ਅੰਸ਼ਕ ਬੱਦਲਵਾਈ ਤੇ ਧੁੱਪ ਦੱਸੀ ਗਈ ਹੈ। ਇਸ ਦੌਰਾਨ ਅੱਜ ਕਈ ਥਾਵਾਂ ’ਤੇ ਲੋਕਾਂ ਨੇ ਅੱਗ ਬਾਲ ਕੇ ਠੰਢ ਤੋਂ ਬਚਣ ਦਾ ਵੀ ਯਤਨ ਕੀਤਾ। ਲੋਹੜੀ ਦਾ ਤਿਓਹਾਰ ਨੇੜੇ ਹੋਣ ਕਾਰਨ ਗੁੱਡੀਆਂ ਤੇ ਪਤੰਗਾਂ ਉਡਾਉਣ ਦੇ ਸ਼ੌਕੀਨ ਅਰਦਾਸਾਂ ਕਰ ਰਹੇ ਹਨ ਕਿ ਲੋਹੜੀ ਵਾਲੇ ਦਿਨ ਧੁੰਦ ਨਾ ਪਵੇ ਅਤੇ ਮੌਸਮ ਸਾਫ ਰਹੇ। ਸੀਤ ਲਹਿਰ ਦੇ ਇਸ ਪ੍ਰਕੋਪ ਦੌਰਾਨ ਪੈ ਰਹੀ ਸੰਘਣੀ ਧੁੰਦ ਅਤੇ ਕੋਹਰਾ ਹਰੀਆਂ ਸਬਜ਼ੀਆਂ ਅਤੇ ਚਾਰੇ ਲਈ ਨੁਕਸਾਨਦਾਇਕ ਹੈ। ਖੇਤੀਬਾੜੀ ਵਿਭਾਗ ਦੇ ਏਡੀਓ ਪਰਜੀਤ ਸਿੰਘ ਨੇ ਆਖ਼ਿਆ ਕਿ ਇਹ ਮੌਸਮ ਕਣਕ ਦੀ ਫਸਲ ਲਈ ਤਾਂ ਲਾਹੇਵੰਦ ਹੈ ਪਰ ਸਬਜ਼ੀਆਂ ਅਤੇ ਹਰੇ ਚਾਰੇ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਲਗਾਤਾਰ ਪਏ ਮੀਂਹ ਕਾਰਨ ਖੇਤਾਂ ’ਚ ਪਾਣੀ ਖੜ੍ਹਾ ਹੋ ਗਿਆ ਹੈ ਜੇ ਹੋਰ ਮੀਂਹ ਹੋਰ ਪਿਆ ਤਾਂ ਇਸ ਨਾਲ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ।