ਨਰਿੰਦਰ ਸਿੰਘ ਧੋਥੜ
ਗੁਰਾਇਆ, 23 ਅਪਰੈਲ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਜੱਜਾ ਕਲਾਂ ਵਿਚ ਪੰਜ ਲਾਭਪਾਤਰੀਆਂ ਨੂੰ ਪ੍ਰਤੀਕ ਰੂਪ ਵਿਚ ਰਜਿਸਟ੍ਰੇਸ਼ਨ ਕਾਗਜ਼ ਸੌਂਪ ਕੇ 44 ਗ਼ਰੀਬ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਵੰਡਣ ਦੀ ਸ਼ੁਰੂਆਤ ਕੀਤੀ। ਪਿੰਡ ਦੇ ਸਰਪੰਚ ਅਮਰੀਕ ਸਿੰਘ ਸਾਧੂ ਵੱਲੋਂ ਕਰੀਬ 132 ਮਰਲੇ ਜ਼ਮੀਨ ਦਾਨ ਕਰ ਕੇ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਇਸ ਉਪਰਾਲੇ ਨਾਲ 44 ਬੇਜ਼ਮੀਨੇ ਪਰਿਵਾਰਾਂ ਦਾ ਆਪਣਾ ਘਰ ਬਣਾਉਣ ਦਾ ਸੁਫ਼ਨਾ ਸਾਕਾਰ ਕੀਤਾ ਜਾਵੇਗਾ। ਸ੍ਰੀ ਸੰਧਵਾਂ ਨੇ ਕਿਹਾ ਕਿ ਇਹ ਕਦਮ ਸਮਾਜ ਦੇ ਪੱਛੜੇ ਲੋਕਾਂ ਦੀ ਭਲਾਈ ਵਿਚ ਯੋਗਦਾਨ ਪਾਉਣ ਲਈ ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਲੰਮਾ ਸਫ਼ਰ ਤੈਅ ਕਰੇਗਾ।
ਇਸ ਮੌਕੇ ‘ਆਪ’ ਦੇ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਇਸ ਉਪਰਾਲੇ ਨੂੰ ਅੱਗੇ ਤੋਰਦਿਆਂ ਕਰੋੜਾਂ ਰੁਪਏ ਦੇ ਫੰਡ ਮੁਹੱਈਆ ਕਰਵਾਏ ਜਾਣਗੇ। ਸੂਬਾ ਸਰਕਾਰ ਵੱਲੋਂ ਆਪਣੀ ਰਿਹਾਇਸ਼ ਯੋਜਨਾ ਤਹਿਤ ਹਰ ਪਰਿਵਾਰ ਨੂੰ 1.50 ਲੱਖ ਰੁਪਏ ਦਿੱਤੇ ਜਾਣਗੇ। ਇਸ ਦੌਰਾਨ ਸਰਪੰਚ ਅਤੇ ਹੋਰ ਪਤਵੰਤਿਆਂ ਸਮੇਤ ਸਪੀਕਰ ਨੇ ਪੰਜ ਲਾਭਪਾਤਰੀਆਂ ਬਲਜਿੰਦਰ ਕੌਰ, ਕੁਲਵਿੰਦਰ ਕੌਰ, ਸਵਿੱਤਰੀ, ਚਰਨਜੀਤ ਕੌਰ ਅਤੇ ਕੁਲਵਿੰਦਰ ਕੌਰ ਨੂੰ ਰਜਿਸਟ੍ਰੇਸ਼ਨ ਪੱਤਰ ਸੌਂਪੇ।
ਇਸ ਮੌਕੇ ਪੰਚਾਇਤ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ ਜਿਸ ’ਤੇ ਸ੍ਰੀ ਸੰਧਵਾਂ ਨੇ ਉਨ੍ਹਾਂ ਦੀਆਂ ਸਾਰੀਆਂ ਹੱਕੀ ਮੰਗਾਂ ’ਤੇ ਜਲਦੀ ਵਿਚਾਰ ਕਰਨ ਦਾ ਭਰੋਸਾ ਦਿੱਤਾ।