ਪੱਤਰ ਪ੍ਰੇਰਕ
ਤਰਨ ਤਾਰਨ, 27 ਜੂਨ
ਸਰਹੱਦੀ ਖੇਤਰ ਦੇ ਪਿੰਡ ਗੰਡੀਵਿੰਡ ਤੇ ਪਿੰਡ ਢੰਡ ਵਿੱਚ ਅੱਜ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ-6 ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦਾ ਜਾਇਜ਼ਾ ਲਿਆ। ਉਨ੍ਹਾਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਤੋਂ ਕੋਈ ਵੀ ਰਕਮ ਵਸੂਲੀ ਨਾ ਹੋਣ ਦੀ ਜਾਂਚ ਕੀਤੀ। ਸ੍ਰੀ ਦੱਤ ਨੇ ਕਿਹਾ ਕਿ ਚੈਕਿੰਗ ਦਾ ਮਕਸਦ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਐਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਅਤੇ ਇਸ ਐਕਟ ਤਹਿਤ ਲਾਭਪਾਤਰੀਆਂ ਤੱਕ ਅਨਾਜ ਪਹੁੰਚਣਾ ਯਕੀਨੀ ਬਣਾਉਣਾ ਹੈ। ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਸੰਯੋਗਤਾ ਨੂੰ ਕਣਕ ਦੀ ਵੰਡ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਦੀ ਹਦਾਇਤ ਕੀਤੀ| ਉਨ੍ਹਾਂ ਕਿਹਾ ਕਿ ਜੇ ਸਮਾਰਟ ਕਾਰਡ ਧਾਰਕ ਨੂੰ ਅਨਾਜ ਲੈਣ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਵਿਜੇ ਦੱਤ ਨੇ ਦੱਸਿਆ ਕਿ ਦੌਰੇ ਦੌਰਾਨ ਪਿੰਡ ਗੰਡੀਵਿੰਡ ਵਿੱਚ ਬਣੀ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਇੱਕ ਡਿਪੂ ਹੋਲਡਰ ਨੇ ਉਨ੍ਹਾਂ ਨੂੰ ਅਨਾਜ ਵੰਡਣ ਸਮੇਂ ਹਾਜ਼ਰ ਨਹੀਂ ਹੋਣ ਦਿੱਤਾ। ਇਸ ਸ਼ਿਕਾਇਤ ’ਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਮੈਡਮ ਸੰਯੋਗਿਤਾ ਨੂੰ ਹਦਾਇਤ ਕੀਤੀ ਕਿ ਜੇ ਸਬੰਧਤ ਡਿੱਪੂ ਹੋਲਡਰ ਵੱਲੋਂ ਵਿਜੀਲੈਂਸ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਅਨਾਜ ਦੀ ਵੰਡ ਨਾ ਕੀਤੀ ਗਈ ਤਾਂ ਡਿੱਪੂ ਹੋਲਡਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ|