ਪੱਤਰ ਪ੍ਰੇਰਕ
ਪਠਾਨਕੋਟ, 19 ਦਸੰਬਰ
ਬਲਾਕ ਪੱਧਰੀ ਕਮਿਊਨਿਟੀ ਹੈਲਥ ਸੈਂਟਰ ਘਰੋਟਾ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਨ ਦਾ ਦਾਅਵਾ ਕਰਨ ਦੇ ਬਾਵਜੂਦ ਉਥੇ ਖਾਲੀ ਪਈਆਂ ਡਾਕਟਰੀ ਸਟਾਫ ਦੀਆਂ ਆਸਾਮੀਆਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਇਹ ਰੈਫਰਲ ਹਸਪਤਾਲ ਬਣ ਕੇ ਰਹਿ ਗਿਆ ਹੈ। ਜਿਸ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਦੂਰ ਦਰਾਜ ਦੇ ਸ਼ਹਿਰਾਂ ਵਿੱਚੋਂ ਇਲਾਜ ਕਰਵਾਉਣ ਲਈ ਮਜ਼ਬੂਰ ਹਨ। ਉਥੇ ਸਟਾਫ ਦੀ ਲੇਟ ਲਤੀਫੀ ਅਤੇ 108 ਐਂਬੂਲੈਂਸ ਸੇਵਾ ਵੀ ਖੋਹ ਲੈਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 20ਵਰ੍ਹੇ ਪਹਿਲਾਂ ਅਪਗਰੇਡ ਹੋ ਕੇ ਬਲਾਕ ਪੱਧਰੀ 30 ਹਸਪਤਾਲਾਂ ਦਾ ਸੀਐੱਚਸੀ ਬਣਨ ਤੇ ਇਥੇ ਬਿਲਡਿੰਗ ਅਤੇ ਮਾਹਿਰ ਡਾਕਟਰੀ ਸਟਾਫ ਮੁਹੱਈਆ ਕਰਵਾਇਆ ਗਿਆ ਸੀ। ਜਿਸ ਦਾ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਕਾਫੀ ਲਾਭ ਪਹੁੰਚਿਆ ਸੀ ਪਰ ਬਾਅਦ ਵਿੱਚ ਬੇਧਿਆਨੀ ਕਾਰਨ ਹੁਣ ਸਰਜੀਕਲ, ਮੈਡੀਕਲ ਅਤੇ ਇਸਤਰੀ ਰੋਗ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਦੋਂਕਿ ਇੱਕ ਮੈਡੀਕਲ ਅਫਸਰ ਦੀ ਆਰਜ਼ੀ ਡਿਊਟੀ ਬਾਹਰ ਲੱਗਣ ਕਾਰਨ ਦਿਨ ਸਮੇਂ ਮਰੀਜ਼ਾਂ ਨੂੰ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਬਾਅਦ ਦੁਪਹਿਰ ਅਤੇ ਰਾਤ ਨੂੰ ਕੋਈ ਵੀ ਡਾਕਟਰੀ ਸਹੂਲਤ ਮੁਹੱਈਆ ਨਾ ਹੋਣ ਕਾਰਨ ਡਾਕਟਰੀ ਅਤੇ ਐਮਰਜੈਂਸੀ ਸੇਵਾਵਾਂ ਠੱਪ ਪਈਆਂ ਹਨ।
ਇਸੇ ਤਰ੍ਹਾਂ ਹਸਪਤਾਲ ਦੇ ਸਰਕਾਰੀ ਕੁਆਟਰ ਵੀ ਖਸਤਾ ਹਾਲਤ ਵਿੱਚ ਹਨ। 108 ਐਂਬੂਲੈਂਸ ਦੀ ਸਹੂਲਤ ਖੋਹ ਲੈਣ ਕਾਰਨ ਲੋਕ ਮਹਿੰਗੇ ਪ੍ਰਾਈਵੇਟ ਵਾਹਨਾਂ ’ਤੇ ਜਾਣ ਲਈ ਮਜ਼ਬੂਰ ਹਨ। ਹਸਪਤਾਲ ਵਿੱਚ 4 ਸਟਾਫ ਨਰਸਾਂ, ਬਲਾਕ ਵਿੱਚ 20 ਏਐੱਨਐੱਮ, 1 ਮਾਲੀ, ਚੌਕੀਦਾਰ ਤੋਂ ਇਲਾਵਾ ਕਲਰਕ, ਸਟੈਨੋ, ਕੰਪਿਊਟਰ ਆਪਰੇਟਰ ਦੀ ਆਸਾਮੀ ਖਾਲੀ ਹੋਣ ਕਾਰਨ ਹਸਪਤਾਲ ਦਾ ਕੰਮ ਪ੍ਰਭਾਵਿਤ ਹੋਇਆ ਪਿਆ ਹੈ।
ਲੋਕ ਕਈ ਵਾਰ ਮੈਡੀਕਲ ਸਟਾਫ ਮੁਹੱਈਆ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਸਿਵਾਏ ਟਾਲਮਟੋਲ ਦੇ ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਇਲਾਕਾ ਵਾਸੀ ਸੁਖਜਿੰਦਰ ਸਿੰਘ, ਰਿੱਕੀ, ਕੰਸ ਰਾਜ, ਰਵਿੰਦਰ ਸਿੰਘ, ਅਸ਼ੋਕ ਕੁਮਾਰ, ਰਾਜੇਸ਼ ਆਦਿ ਨੇ ਮੰਗ ਕੀਤੀ ਕਿ ਬੰਦ ਪਈ ਐਮਰਜੈਂਸੀ ਨੂੰ ਸ਼ੁਰੂ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣ।