ਪੱਤਰ ਪ੍ਰੇਰਕ
ਤਰਨ ਤਾਰਨ, 19 ਜੂਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਫਿਰਕਾਪ੍ਰਸਤ, ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਖੱਬੀਆਂ ਧਿਰਾਂ ਦੀ ਇਕਜੁੱਟਤਾ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਹ ਵਿਚਾਰ ਇੱਥੇ ਫਿਰਕੂ ਤਾਕਤਾਂ ਹੱਥੋਂ ਸ਼ਹੀਦ ਹੋਏ ਮਜ਼ਦੂਰਾਂ-ਕਿਸਾਨਾਂ ਦੇ ਆਗੂ ਸ਼ਹੀਦ ਕਾਮਰੇਡ ਦੀਪਕ ਧਵਨ ਅਤੇ ਹੋਰਨਾਂ ਦੀ ਬਰਸੀ ਮੌਕੇ ਪਾਰਟੀ ਵੱਲੋਂ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਉਨ੍ਹਾਂ ਪਾਰਟੀ ਵੱਲੋ ਸ਼ਹੀਦ ਦੀਪਕ ਧਵਨ ਦੇ ਨਾਂ ’ਤੇ ਕੈਲੰਡਰ ਵੀ ਜਾਰੀ ਕੀਤਾ।
ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਚਮਨ ਲਾਲ ਦਰਾਜਕੇ, ਸੁਖਦੇਵ ਸਿੰਘ ਅਤੇ ਨਰਿੰਦਰ ਕੌਰ ਪੱਟੀ ਨੇ ਕੀਤੀ। ਸ੍ਰੀ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾ ਮਹਾਮਾਰੀ ਦੇ ਨਾਂ ’ਤੇ ਦੇਸ਼ ਅੰਦਰ ਫਿਰਕੂ ਏਜੰਡਾ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਿਹੜਾ ਦੇਸ਼ ਨੂੰ ਤਬਾਹ ਕਰਨ ਵਾਲਾ ਸਾਬਤ ਹੋਵੇਗਾ| ਇਸ ਮੌਕੇ ਪਾਰਟੀ ਆਗੂ ਪਰਗਟ ਸਿੰਘ, ਗੁਰਨਾਮ ਸਿੰਘ, ਡਾਕਟਰ ਵਿਆਪਕ ਧਵਨ, ਦਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਲੌਕਡਾਉਨ ਦੌਰਾਨ ਗ਼ਰੀਬ ਵਰਗਾਂ ਦੇ ਲੋਕਾਂ ਨੂੰ ਰਾਸ਼ਨ ਦੀ ਕੀਤੀ ਵੰਡ ਵਿੱਚ ਹਾਕਮ ਧਿਰ ਵੱਲੋਂ ਪੱਖਪਾਤੀ ਵਤੀਰਾ ਧਾਰਨ ਕਰਨ ਦੇ ਮਾਮਲਿਆਂ ਦੀ ਜਾਂਚ ਕਰਵਾਊਣ ਦੀ ਮੰਗ ਕੀਤੀ|