ਪੱਤਰ ਪ੍ਰੇਰਕ
ਅਟਾਰੀ, 30 ਜੂਨ
ਪ੍ਰਸਿੱਧ ਕਹਾਣੀਕਾਰ ਮੁਖ਼ਤਾਰ ਗਿੱਲ, ਦੀਪ ਦਵਿੰਦਰ, ਸ਼ਾਇਰ ਆਲੋਚਕ ਜਤਿੰਦਰ ਔਲਖ, ਨਾਮਵਰ ਕਵੀ ਜਗਤਾਰ ਗਿੱਲ, ਹਰਜੀਤ ਸੰਧੂ ਆਦਿ ਸਾਹਿਤਕਾਰਾਂ ਨੇ ਮਨੀਪੁਰ ਵਿੱਚ ਔਰਤਾਂ ਵਿਰੁੱਧ ਘਿਨਾਉਣੀ ਜਿਣਸੀ ਹਿੰਸਾ ਅਤੇ ਕਸ਼ਮੀਰ ਮਸਲੇ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਲੇਖਕਾ ਅਰੁੰਧਤੀ ਰਾਏ ਨੂੰ 14 ਸਾਲ ਪੁਰਾਣੇ ਝੂਠੇ ਕੇਸ ’ਚ ਫਸਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇੱਕ ਸਾਂਝੇ ਬਿਆਨ ਵਿੱਚ ਮੋਦੀ ਹਕੂਮਤ ਦੇ ਦਬਾਅ ਹੇਠ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੱਲੋਂ ਸਮਾਜਿਕ ਕਾਰਕੁਨ ਤੇ ਬੁੱਧੀਜੀਵੀ ਅਰੁੰਧਤੀ ਰਾਏ ਦੇ ਖ਼ਿਲਾਫ਼ ਯੂਏਪੀਏ ਤਹਿਤ ਫੌਜਦਾਰੀ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਦੇ ਫੈਸਲੇ ਦਾ ਡਟਵਾਂ ਵਿਰੋਧ ਕਰਦਿਆਂ ਇਸ ਕੇਸ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰੱਦ ਕਰਨ ਦੀ ਮੰਗ ਕੀਤੀ। ਲੇਖਕਾਂ ਨੇ ਕਿਹਾ ਕੇਂਦਰ ਸਰਕਾਰ ਇੱਕ ਸਾਜ਼ਿਸ਼ ਤਹਿਤ 14 ਸਾਲ ਪੁਰਾਣੀ ਦਰਜ ਕੀਤੀ ਐਫਆਈਆਰ ਨੂੰ ਆਧਾਰ ਬਣਾ ਕੇ ਅਰੁੰਧਤੀ ਰਾਏ ਨੂੰ ਝੂਠੇ ਕੇਸ ਵਿੱਚ ਫਸਾ ਕੇ ਹੋਰ ਬੁੱਧੀਜੀਵੀਆਂ, ਵਕੀਲਾਂ, ਪੱਤਰਕਤਰਾਂ ਤੇ ਲੇਖਕਾਂ ਵਾਂਗ ਨਜ਼ਰਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 2010 ਵਿਚ ਦਿੱਲੀ ਵਿਖੇ ਹੋਏ ਸੈਮੀਨਾਰ ਵਿੱਚ ਜੰਮੂ ਕਸ਼ਮੀਰ ਦੇ ਲੋਕਾਂ ਦੇ ਜਮਹੂਰੀ ਆਜ਼ਾਦੀ ਦੇ ਹੱਕਾਂ ਦੀ ਹਮਾਇਤ ਕਰਕੇ ਅਰੁੰਧਤੀ ਰਾਏ ਨੇ ਭਾਰਤੀ ਸੰਵਿਧਾਨ ਤਹਿਤ ਮਿਲੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ’ਤੇ ਝੂਠਾ ਕੇਸ ਵਾਪਸ ਲੈਣ ਅਤੇ ਜੇਲ੍ਹਾਂ ਵਿੱਚ ਬੰਦ ਇਨਸਾਫ਼ ਪਸੰਦ ਲੋਕਾਂ ਨੂੰ ਰਿਹਾਅ ਕੀਤਾ ਜਾਵੇ।