ਐਨਪੀ ਧਵਨ
ਪਠਾਨਕੋਟ, 2 ਫਰਵਰੀ
ਪਠਾਨਕੋਟ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਲਈ ਕੁੱਲ 28 ਨਾਮਜ਼ਦਗੀਆਂ ਦਾਖਲ ਹੋਈਆਂ ਹਨ, ਜਿਨ੍ਹਾਂ ’ਚੋਂ ਸੁਜਾਨਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਨਾਮਜ਼ਦਗੀ ਦਾਖਲ ਕਰਵਾਉਣ ਵਾਲੀ ਅਕਾਂਕਸ਼ਾ ਪੁਰੀ ਤੇ ਪਠਾਨਕੋਟ ਤੋਂ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਵਾਲੇ ਵਿਨੋਦ ਕੁਮਾਰ ਦੇ ਕਾਗਜ਼ ਰੱਦ ਹੋਣ ਨਾਲ ਹੁਣ ਕੁੱਲ 26 ਉਮੀਦਵਾਰ ਮੈਦਾਨ ’ਚ ਰਹਿ ਗਏ ਹਨ। ਪਠਾਨਕੋਟ ਵਿਧਾਨ ਸਭਾ ਹਲਕੇ ਵਿੱਚ ਕੁੱਲ 6, ਸੁਜਾਨਪੁਰ ’ਚ 10 ਤੇ ਭੋਆ ਵਿੱਚ 10 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਅਧਿਕਾਰੀ ਅਨੁਸਾਰ 4 ਫਰਵਰੀ ਤੱਕ ਕੋਈ ਵੀ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦਾ ਹੈ।
ਵਿਧਾਨ ਸਭਾ ਚੋਣਾਂ ਲੜ ਰਹੇ ਜ਼ਿਲ੍ਹੇ ਦੇ ਤਿੰਨੇ ਕਾਂਗਰਸੀ ਉਮੀਦਵਾਰ ਵੱਲੋਂ ਦਾਖਲ ਕਰਵਾਏ ਗਏ ਹਲਫਨਾਮੇ ਅਨੁਸਾਰ ਤਿੰਨੇ ਹੀ ਕਰੋੜਪਤੀ ਹਨ। ਭਾਜਪਾ ਤੇ ‘ਆਪ’ ਦਾ ਇੱਕ-ਇੱਕ ਉਮੀਦਵਾਰ ਹੀ ਇਸ ਸ਼੍ਰੇਣੀ ’ਚ ਸ਼ਾਮਲ ਹੈ। ਜ਼ਿਲ੍ਹੇ ਦੀ ਤਿੰਨਾਂ ਸੀਟਾਂ ਤੇ ਚੋਣ ਲੜਨ ਵਾਲੇ ਕੁੱਲ 26 ਉਮੀਦਵਾਰਾਂ ਵਿੱਚੋਂ ਸਭ ਤੋਂ ਜ਼ਿਆਦਾ ਸੰਪਤੀ ਦੇ ਮਾਲਕ ਸੁਜਾਨਪੁਰ ਦੇ ਕਾਂਗਰਸੀ ਉਮੀਦਵਾਰ ਨਰੇਸ਼ ਪੁਰੀ ਹਨ। ਉਨ੍ਹਾਂ ਕੋਲ 34.61 ਕਰੋੜ ਦੀ ਚੱਲ-ਅਚਲ ਸੰਪਤੀ ਹੈ। ਉਨ੍ਹਾਂ ਦੇ ਬਾਅਦ ਪਠਾਨਕੋਟ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਅਮਿਤ ਵਿੱਜ ਦਾ ਨਾਂ ਆਉਂਦਾ ਹੈ। ਅਮਿਤ ਵਿੱਜ 21.11 ਕਰੋੜ ਦੀ ਸੰਪਤੀ ਦੇ ਮਾਲਕ ਹਨ। ਤੀਸਰੇ ਨੰਬਰ ’ਤੇ ਭੋਆ ਦੇ ਕਾਂਗਰਸੀ ਉਮੀਦਵਾਰ ਜੋਗਿੰਦਰ ਪਾਲ ਹਨ ਤੇ ਉਨ੍ਹਾਂ ਕੋਲ 6.71 ਕਰੋੜ ਦੀ ਸੰਪਤੀ ਹੈ। ਚੌਥੇ ਨੰਬਰ ’ਤੇ ਭਾਜਪਾ ਦੇ ਸੁਜਾਨਪੁਰ ਤੋਂ ਚੌਥੀ ਵਾਰ ਚੋਣ ਲੜ ਰਹੇ ਦਿਨੇਸ਼ ਸਿੰਘ ਬੱਬੂ ਹਨ। ਉਨ੍ਹਾਂ ਕੋਲ 1.38 ਕਰੋੜ ਦੀ ਸੰਪਤੀ ਹੈ। ‘ਆਪ’ ਦੇ ਉਮੀਦਵਾਰ ਠਾਕੁਰ ਅਮਿਤ ਸਿੰਘ ਮੰਟੂ ਵੀ ਕਰੋੜਪਤੀ ਹਨ। ਮੰਟੂ ਕੋਲ 2 ਕਰੋੜ 40 ਲੱਖ 70 ਹਜ਼ਾਰ ਰੁਪਏ ਦੀ ਸੰਪਤੀ ਹੈ ਤੇ ਉਹ ਸੁਜਾਨਪੁਰ ਤੋਂ ਦੂਸਰੀ ਵਾਰ ਚੋਣ ਲੜ ਰਹੇ ਹਨ। ਭੋਆ ਤੋਂ ‘ਆਪ’ ਦੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਕੋਲ 3 ਲੱਖ ਰੁਪਏ ਦੀ ਸੰਪਤੀ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਤੇ ਪਠਾਨਕੋਟ ਤੋਂ ਉਮੀਦਵਾਰ ਅਸ਼ਵਨੀ ਸ਼ਰਮਾ ਕੋਲ 69 ਲੱਖ 25 ਹਜ਼ਾਰ ਰੁਪਏ ਦੀ ਸੰਪਤੀ ਹੈ। ਜ਼ਿਲ੍ਹੇ ਵਿੱਚ ਸਭ ਤੋਂ ਘੱਟ ਸੰਪਤੀ ਵਾਲੇ ਮੁਨੀਸ਼ ਕੁਮਾਰ ਹਨ। ਉਨ੍ਹਾਂ ਕੋਲ ਕੁੱਲ 2100 ਰੁਪਏ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਹਲਕੇ ਦੇ ਕਰਮ ਸਿੰਘ ਜੋ ਪੇਸ਼ੇ ਤੋਂ ਸਕਿਓਰਿਟੀ ਗਾਰਡ ਹਨ, ਦੀ ਚਲ-ਅਚਲ ਸੰਪਤੀ 63 ਲੱਖ ਰੁਪਏ ਹੈ।