ਪੱਤਰ ਪ੍ਰੇਰਕ
ਦੀਨਾਨਗਰ, 13 ਮਾਰਚ
ਸਥਾਨਕ ਹਲਕੇ ਤੋਂ ਚੌਥੀ ਵਾਰ ਵਿਧਾਇਕ ਬਣੇ ਅਰੁਣਾ ਚੌਧਰੀ ਨੇ ਅੱਜ ‘ਧੰਨਵਾਦ ਪਾਰਟੀ’ ਦੌਰਾਨ ਪਾਰਟੀ ਵਰਕਰਾਂ ’ਚ ਨਵਾਂ ਜੋਸ਼ ਭਰਿਆ। ਉਨ੍ਹਾਂ ਸੂਬੇ ਵਿਚ ‘ਆਪ’ ਦੀ ਜਿੱਤ ਤੋਂ ਨਿਰਾਸ਼ ਕਾਂਗਰਸੀ ਵਰਕਰਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਲਈ ਕਿਹਾ ਹੈ। ਇਸ ਮਗਰੋਂ ਸਮੂਹ ਕਾਂਗਰਸੀਆਂ ਨੇ ਪਾਰਟੀ ਅਤੇ ਚੌਧਰੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਚੌਧਰੀ ਨੇ ਕਿਹਾ ਕਿ ‘ਆਪ’ ਦੇ ਲੀਡਰ ਇਹ ਭੁੱਲ ਜਾਣ ਕਿ ਉਹ ਦੀਨਾਨਗਰ ਅੰਦਰ ਕਿਸੇ ਵੀ ਕਾਂਗਰਸੀ ਵਰਕਰ ਜਾਂ ਆਗੂ ਨਾਲ ਧੱਕੇਸ਼ਾਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਮੁਕਾਬਲੇ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ‘ਆਪ’ ਨੇ ਵੱਡੀ ਜਿੱਤ ਦਰਜ ਕਰ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਇਸ ਕਾਰਨ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਕਾਂਗਰਸੀ ਸਰਪੰਚਾਂ-ਪੰਚਾਂ ਤੇ ਵਰਕਰਾਂ ਨੂੰ ਡਰਾ ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਕਾਂਗਰਸ ਦੇ ਪੰਜੇ ਜੇਤੂ ਵਿਧਾਇਕ ਵਿਰੋਧੀਆਂ ’ਤੇ ਭਾਰੂ ਪੈਣਗੇ। ਉਨ੍ਹਾਂ ਚੌਥੀ ਵਾਰ ਜੇਤੂ ਬਣਾਉਣ ਲਈ ਸਮੂਹ ਵਰਕਰਾਂ ਅਤੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਅਸ਼ੋਕ ਚੌਧਰੀ ਨੇ ਕਿਹਾ ਕਿ ਚੋਣਾਂ ਦੇ ਦਿਨਾਂ ’ਚ ਵਧ ਚੜ੍ਹ ਕੇ ਬੋਲਣ ਵਾਲਿਆਂ ਨੂੰ ਲੋਕਾਂ ਨੇ ਕਬੂਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਕਈ ਜਣੇ ਪਹਿਲੀ ਵਾਰ ਚੋਣ ਲੜਨ ਕਾਰਨ ਅਸਲੀਅਤ ਨਹੀਂ ਸਮਝ ਸਕੇ। ਇਸੇ ਕਰ ਕੇ ਉਹ ਚੋਣ ਪ੍ਰਚਾਰ ਦੌਰਾਨ ਲੋਕਤੰਤਰ ਦੀ ਮਰਿਆਦਾ ਨੂੰ ਬਹਾਲ ਨਾ ਰੱਖ ਸਕੇ ਜਿਸ ਨੂੰ ਦੀਨਾਨਗਰ ਦੀ ਜਨਤਾ ਨੇ ਸਵਿਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਵਰਕਰਾਂ ਨਾਲ ਖੜ੍ਹੇ ਹਨ। ਇਸ ਦੌਰਾਨ ਵਰਕਰਾਂ ਵੱਲੋਂ ਦੋਵਾਂ ਆਗੂਆਂ ਦਾ ਸਨਮਾਨ ਕੀਤਾ ਗਿਆ।