ਐੱਨਪੀ ਧਵਨ
ਪਠਾਨਕੋਟ, 20 ਜਨਵਰੀ
ਜ਼ਿਲ੍ਹਾ ਪਠਾਨਕੋਟ ’ਚ ਪਠਾਨਕੋਟ ਨਿਗਮ ਦੀਆਂ 50 ਵਾਰਡਾਂ ਵਿੱਚ ਟਿਕਟਾਂ ਦੇਣ ਲਈ ਕਾਂਗਰਸ ਪਾਰਟੀ ਅੰਦਰ ਘਮਾਸਾਨ ਜ਼ੋਰਾਂ ’ਤੇ ਹੈ। ਇਹ ਗੁੱਟਬਾਜ਼ੀ ਅੱਜ ਇਥੇ ਕਾਂਗਰਸ ਭਵਨ ਵਿੱਚ ਆਏ ਮੰਤਰੀ ਭਾਰਤ ਭੂਸ਼ਨ ਆਸ਼ੂ ਜੋ ਕਿ ਕੋਆਰਡੀਨੇਟਰ ਲਗਾਏ ਗਏ ਹਨ, ਦੇ ਸਾਹਮਣੇ ਦੇਖਣ ਨੂੰ ਮਿਲੀ। ਇਸ ਮੌਕੇ ਕੁਝ ਸੰਭਾਵਿਤ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਤੇ ਨਾਅਰੇਬਾਜ਼ੀ ਕੀਤੀ। ਇਥੇ ਕਾਂਗਰਸ ਪਾਰਟੀ ਦੋ ਗੁੱਟਾਂ ਵਿੱਚ ਵੰਡੀ ਹੋਈ ਦਿਖਾਈ ਦਿੱਤੀ ਜਿਨ੍ਹਾਂ ਵਿੱਚ ਇੱਕ ਗੁੱਟ ਦੀ ਅਗਵਾਈ ਵਿਧਾਇਕ ਅਮਿਤ ਵਿੱਜ ਕਰ ਰਹੇ ਸਨ ਜਦ ਕਿ ਦੂਸਰੇ ਗੁੱਟ ਦੀ ਅਗਵਾਈ ਸਾਬਕਾ ਵਿਧਾਇਕ ਰਮਨ ਭੱਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ, ਯੋਜਨਾ ਕਮੇਟੀ ਦੇ ਜ਼ਿਲ੍ਹਾ ਚੇਅਰਮੈਨ ਅਨਿਲ ਦਾਰਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ, ਕਾਰਤਿਕ ਵਡੈਹਰਾ ਤੇ ਜ਼ਿਲ੍ਹਾ ਕੋਆਰਡੀਨੇਟਰ ਭਾਨੂੰ ਪ੍ਰਤਾਪ ਐਡਵੋਕੇਟ ਕਰ ਰਹੇ ਸਨ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਦਾ ਕਹਿਣਾ ਸੀ ਕਿ ਉਹ 5 ਵਾਰ ਨਗਰ ਕੌਂਸਲਰ ਦੀ ਚੋਣ ਜਿੱਤਿਆ ਹੈ ਤੇ ਹੁਣ ਛੇਵੀਂ ਵਾਰ ਚੋਣ ਲੜਨ ਦਾ ਚਾਹਵਾਨ ਹੈ ਪਰ ਉਸ ਨੂੰ ਟਿਕਟ ਲੈਣ ਲਈ ਵੀ ਜ਼ੋਰ ਅਜ਼ਮਾਈ ਕਰਨੀ ਪੈ ਰਹੀ ਹੈ। ਉਸ ਨੇ ਕਿਹਾ ਕਿ ਉਸ ਨੇ ਮੰਤਰੀ ਕੋਲ ਵਾਰਡ ਨੰਬਰ 20, 21,22 ਤੇ 14 ਵਿੱਚੋਂ ਕਿਸੇ ਵੀ ਵਾਰਡ ਵਿੱਚ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਹੈ ਤੇ ਕਿਹਾ ਕਿ ਜੇ ਉਹ ਚੋਣ ਹਾਰ ਜਾਵੇਗਾ ਤਾਂ ਉਹ ਟਰੱਸਟ ਦੀ ਚੇਅਰਮੈਨੀ ਤੋਂ ਤੁਰੰਤ ਅਸਤੀਫਾ ਦੇ ਦੇਵੇਗਾ। ਉਸ ਦਾ ਸਪੱਸ਼ਟ ਕਹਿਣਾ ਸੀ ਕਿ ਜਿੱਤਣ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣ। ਇਸੇ ਤਰ੍ਹਾਂ ਸਾਬਕਾ ਕੌਂਸਲਰ ਧਨਵੰਤ ਬਾਜਵਾ ਨੇ ਵੀ ਔਰਤਾਂ ਨਾਲ ਲਿਆ ਕੇ ਨਾਅਰੇਬਾਜ਼ੀ ਕੀਤੀ ਤੇ ਉਸ ਦਾ ਕਹਿਣਾ ਸੀ ਕਿ ਵਾਰਡ ਨੰਬਰ 49 ਵਿੱਚੋਂ ਉਸ ਦੀ ਪਤਨੀ ਨੂੰ ਟਿਕਟ ਦਿੱਤੀ ਜਾਵੇ। ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਰੰਜਨਾ ਮਹਾਜਨ ਦੇ ਵੀ ਵਿਰੋਧੀ ਤੇਵਰ ਦੇਖਣ ਨੂੰ ਮਿਲੇ ਤੇ ਉਸ ਦਾ ਕਹਿਣਾ ਸੀ ਕਿ ਮਹਿਲਾ ਸ਼ਕਤੀ ਨੂੰ ਅਣਦੇਖਾ ਕਰਨਾ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ। ਮਹਿਲਾ ਕਾਂਗਰਸ ਦੀ ਸੂਬਾਈ ਆਗੂ ਮਨਜੀਤ ਕੌਰ ਸੰਧੂ ਤੇ ਰਾਜ ਰਾਣੀ ਦੀ ਵੀ ਸੁਰ ਵਿਧਾਇਕ ਦੀ ਮਨਮਾਨੀ ਖਿਲਾਫ ਨਜ਼ਰ ਆਈ।
ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਦੀ ਲਹਿਰ ਚੱਲ ਰਹੀ ਹੈ। ਇਸੇ ਕਰਕੇ ਵਾਰਡਾਂ ਅੰਦਰ ਕਾਫੀ ਦਾਅਵੇਦਾਰ ਹਨ ਜੋ ਕਿ ਲੋਕਤੰਤਰ ਲਈ ਚੰਗਾ ਰੁਝਾਨ ਹੈ। ਪਾਰਟੀ ਅੰਦਰ ਟਿਕਟਾਂ ਦੇਣ ਸਮੇਂ ਜਿੱਤਣ ਦੀ ਸੰਭਾਵਨਾ, ਵਫਾਦਾਰੀ ਤੇ ਅਨੁਸ਼ਾਸਨ ਨੂੰ ਅਹਿਮ ਗਿਣਿਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਦੇ ਦੇਣੀ ਹੈ ਤੇ ਹਾਈਕਮਾਂਡ ਨੇ ਹੀ 2-3 ਦਿਨ ਵਿੱਚ ਟਿਕਟਾਂ ਦਾ ਫੈਸਲਾ ਕਰਨਾ ਹੈ।