ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਅਪਰੈਲ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਿੱਤ ਦਿਨ ਪੈਟਰੋਲ, ਡੀਜ਼ਲ, ਗੈਸ ਤੇ ਹੋਰਨਾਂ ਵਸਤੂਆਂ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਖਿਲਾਫ਼ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਕਾਂਗਰਸ ਦਫਤਰ ਬਾਹਰ ਸੜਕ ’ਤੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸ੍ਰੀ ਸੱਚਰ ਨੇ ਕਿਹਾ ਕਿ ਅੱਛੇ ਦਿਨ ਆਉਣ ਦੀ ਗੱਲ ਕਰਨ ਵਾਲੀ ਮੋਦੀ ਸਰਕਾਰ ਦੇ ਰਾਜ ਵਿੱਚ ਗਰੀਬਾਂ ਦਾ ਚੁੱਲ੍ਹਾ ਬੁਝਣ ਕਿਨਾਰੇ ਆ ਗਿਆ ਹੈ। ਘਰੇਲੂ ਗੈਸ ਸਿਲੰਡਰ ਦਾ ਮੁੱਲ ਲਗਪਗ ਇੱਕ ਹਜ਼ਾਰ ਰੁਪਏ ਹੋ ਗਿਆ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ, ਤੇਲ ਦੀਆਂ ਕੀਮਤਾਂ ਵਧਣ ਨਾਲ ਢੋਆ ਢੁਆਈ ’ਤੇ ਵੱਡਾ ਫਰਕ ਪਿਆ ਹੈ, ਜਿਸ ਨਾਲ ਕਿਰਾਇਆ ਭਾੜਾ ਵਧਣ ਨਾਲ ਹਰੇਕ ਚੀਜ਼ ਮਹਿੰਗੀ ਹੋ ਰਹੀ ਹੈ। ਉਨ੍ਹਾਂ ਨੇ ਨਵੀਂ ਬਣੀ ਪੰਜਾਬ ਦੀ ਆਪ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੀਮਤਾਂ ਘੱਟ ਕਰ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ, ਜੋਗਿੰਦਰ ਪਾਲ ਢੀਂਗਰਾਂ, ਹਰਜਿੰਦਰ ਸਿੰਘ ਸਾਘਣਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਰਪੰਚ ਅੰਗਰੇਜ਼ ਸਿੰਘ ਖੈੜੇ, ਸਰਪੰਚ ਵੀਰ ਸਿੰਘ ਚਾਟੀਵਿੰਡ, ਸਰਪੰਚ ਪਲਵਿੰਦਰ ਸਿੰਘ, ਤਰਸੇਮ ਸਿੰਘ, ਗੁਰਿੰਦਰ ਸਿੰਘ, ਲਵਲੀ ਉਦੋਕੇ, ਸ਼ਮਸ਼ੇਰ ਸਿੰਘ ਬਾਬੋਵਾਲ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
ਗੈਸ ਸਿਲੰਡਰ ਤੇ ਪੈਟਰੋਲ ਦੀਆਂ ਬੋਤਲਾਂ ਭਰਕੇ ਮੁਜ਼ਾਹਰੇ
ਅੰ੍ਮ੍ਰਿਤਸਰ: ਰੋਸ ਪ੍ਰਦਰਸ਼ਨ ਦੌਰਾਨ ਗੈਸ ਸਿਲੰਡਰ, ਪੈਟਰੋਲ ਤੇ ਡੀਜ਼ਲ ਦੀਆਂ ਬੋਤਲਾਂ ਭਰ ਕੇ ਰੋਸ ਵਿਖਾਵਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ ‘ਜੇਕਰ ਘਰ ਦੀ ਰਸੋਈ ਚਲਾਉਣੀ ਹੈ ਤਾਂ ਮੋਦੀ ਸਰਕਾਰ ਭਜਾਉਣੀ ਹੈ’।
ਤਲਵਾੜਾ(ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਵੱਲੋਂ ਪੈਟਰੋਲ ਡੀਜ਼ਲ ਦੀਆਂ ਨਿੱਤ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਖ਼ਿਲਾਫ਼ ਹਾਜ਼ੀਪੁ ਦੇ ਬੁਢਾਬੜ ਚੌਕ ’ਤੇ ਧਰਨਾ ਪ੍ਰਦਰਸ਼ਨ ਕੀਤਾ। ਰੋਸ ਧਰਨੇ ਦੀ ਅਗਵਾਈ ਹਾਜੀਪੁਰ ਦੇ ਸਰਪੰਚ ਕਿਸ਼ੋਰ ਕੁਮਾਰ ਨੇ ਕੀਤੀ, ਕਾਂਗਰਸ ਦੀ ਸਾਬਕਾ ਵਿਧਾਇਕਾ ਇੰਦੂ ਬਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇੰਦੂ ਬਾਲਾ ਨੇ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਤੇਲ ਅਤੇ ਗੈਸ ਕੀਮਤਾਂ ’ਚ ਬੇਤਹਾਸ਼ਾ ਵਾਧਾ ਕਰਕੇ ਆਮ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਸੁਰਿੰਦਰ ਵਰਮਾ, ਰਜਿੰਦਰ ਫ਼ੌਜ਼ੀ, ਚੌਕੀਦਾਰ ਤਰਸੇਮ ਲਾਲ ਸਿੰਘੋਵਾਲ, ਪ੍ਰੀਤਮ ਸਿੰਘ ਸਰਪੰਚ ਬੇਲਾ ਸਰਿਆਣਾ, ਸੁਸ਼ੀਲ ਤਿਪਾਠੀ, ਸੁਧੀਰ ਠਾਕੁਰ, ਇੰਸਪੈਕਟਰ ਬਿਸ਼ਨ ਦਾਸ, ਯੂਥ ਕਾਂਗਰਸ ਪ੍ਰਧਾਨ ਸੰਦੀਪ ਸੋਨੀ ਆਦਿ ਹਾਜ਼ਰ ਸਨ।