ਕੇ ਪੀ ਸਿੰਘ
ਗੁਰਦਾਸਪੁਰ, 20 ਜੂਨ
ਚੋਣ ਜ਼ਾਬਤਾ ਹਟਦਿਆਂ ਹੀ ਗੁਰਦਾਸਪੁਰ-ਮੁਕੇਰੀਆਂ ਰੋਡ ਦੇ ਭਾਗ ਵੀ ਖੁੱਲ੍ਹ ਗਏ ਹਨ। ਸੜਕ ਦਾ ਹਾਲ ਤਾਂ ਕਾਫ਼ੀ ਦੇਰ ਤੋਂ ਮਾੜਾ ਹੋਇਆ ਪਿਆ ਸੀ ਪਰ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਸੜਕ ਹੋਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਜਲੰਧਰ ਤੋਂ ਵਾਇਆ ਮੁਕੇਰੀਆਂ ਗੁਰਦਾਸਪੁਰ ਅਤੇ ਆਸ ਪਾਸ ਦੇ ਇਲਾਕਿਆਂ ’ਚ ਪਹੁੰਚਣ ਲਈ ਮੁੱਖ ਮਾਰਗ ਹੋਣ ਕਾਰਨ ਇਸ ਸੜਕ ’ਤੇ ਹਰ ਵੇਲੇ ਭਾਰੀ ਆਵਾਜਾਈ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਸੜਕ ਦੀ ਹਾਲਤ ਬੇਹੱਦ ਮਾੜੀ ਹੋ ਜਾਣ ਕਾਰਨ ਆਉਣ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸੜਕ ਦੀ ਮਾੜੀ ਹਾਲਤ ਖਿਲਾਫ਼ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੋਸ ਵੀ ਜ਼ਾਹਿਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਇਹ ਮਸਲਾ ਸੂਬਾ ਸਰਕਾਰ ਅੱਗੇ ਰੱਖਿਆ ਗਿਆ ਜਿਸ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਇਸ ਸੜਕ ਦਾ ਨਿਰਮਾਣ ਜ਼ਿਲ੍ਹਾ ਹੁਸ਼ਿਆਰਪੁਰ ਦੀ ਫ਼ਰਮ ਗੌਰਵ ਅਗਰਵਾਲ ਕੰਸਟਰੱਕਸ਼ਨ ਕੰਪਨੀ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਦੇ ਲਾਇਬਰੇਰੀ ਚੌਕ ਤੋਂ ਲੈ ਕੇ ਬਿਆਸ ਦਰਿਆ ’ਤੇ ਸਥਿਤ ਨੌਸ਼ਹਿਰਾ ਪੁਲ ਤੱਕ ਬਣਨ ਵਾਲੀ ਇਸ 16.6 ਕਿਲੋਮੀਟਰ ਲੰਬੀ ਸੜਕ ਦੀ ਚੌੜਾਈ ਸੱਤ ਮੀਟਰ ਤੋਂ ਲੈ ਕੇ 15 ਮੀਟਰ ਤੱਕ ਹੋਵੇਗੀ।
ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਲਵਜੀਤ ਸਿੰਘ ਨੇ ਦੱਸਿਆ ਕਿ ਪੂਰੀ ਸੜਕ ਦੀ ਉਸਾਰੀ ਲਈ ਲਗਭਗ 14 ਕਰੋੜ ਰੁਪਏ ਦੀ ਲਾਗਤ ਆਵੇਗੀ। ਠੇਕੇਦਾਰ ਕੰਪਨੀ ਨੂੰ ਸੜਕ ਬਣਾਉਣ ਲਈ ਨੌਂ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿਉਂਕਿ ਵਿੱਚ ਬਰਸਾਤ ਦਾ ਮੌਸਮ ਵੀ ਆਵੇਗਾ ਤੇ ਬਰਸਾਤ ਦੇ ਮੌਸਮ ਵਿੱਚ ਨਿਰਮਾਣ ਕਾਰਜ ਰੋਕਣਾ ਪਵੇਗਾ।