ਪੱਤਰ ਪ੍ਰੇਰਕ
ਪਠਾਨਕੋਟ, 25 ਦਸੰਬਰ
ਰਾਜਪੂਤ ਭਾਈਚਾਰੇ ਨੂੰ ਇਕਜੁੱਟ ਕਰਨ ਲਈ ਅਖਿਲ ਭਾਰਤੀ ਕਸ਼ੱਤਰੀ ਰਾਜਪੂਤ ਮਹਾਂ ਸਭਾ ਪੰਜਾਬ ਦੀ ਕਨਵੈਨਸ਼ਨ ਮਹਾਂ ਸਭਾ ਦੇ ਚੇਅਰਮੈਨ ਠਾਕੁਰ ਦਵਿੰਦਰ ਸਿੰਘ ਦਰਸ਼ੀ ਅਤੇ ਪੰਜਾਬ ਪ੍ਰਧਾਨ ਡਿੰਪਲ ਰਾਣਾ ਦੀ ਪ੍ਰਧਾਨਗੀ ਹੇਠ ਪਿੰਡ ਮਨਵਾਲ ਵਿੱਚ ਹੋਈ। ਇਸ ਵਿਚ ਅਖਿਲ ਭਾਰਤੀ ਕਸ਼ਤਰੀ ਮਹਾਂ ਸਭਾ ਦੇ ਕੌਮੀ ਪ੍ਰਧਾਨ ਠਾਕੁਰ ਮਹਿੰਦਰ ਸਿੰਘ ਤੰਵਰ ਅਤੇ ਡੋਗਰਾ ਸਦਰ ਸਭਾ ਜੰਮੂ ਕਸ਼ਮੀਰ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਠਾਕੁਰ ਗੁਲਚੈਨ ਸਿੰਘ ਚਾੜਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਠਾਕੁਰ ਮਹਿੰਦਰ ਸਿੰਘ ਤੰਵਰ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਕਸ਼ੱਤਰੀ ਭਾਈਚਾਰੇ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਰਾਜਪੂਤ ਭਾਈਚਾਰੇ ਨੂੰ ਸਿਰਫ਼ ਇੱਕ ਵੋਟ ਬੈਂਕ ਹੀ ਸਮਝਿਆ ਹੈ ਅਤੇ ਕਿਸੇ ਨੇ ਵੀ ਇਸ ਬਹੁ-ਗਿਣਤੀ ਭਾਈਚਾਰੇ ਨੂੰ ਸਹੀ ਨੁਮਾਇੰਦਗੀ ਨਹੀਂ ਦਿੱਤੀ, ਜਿਸ ਕਾਰਨ ਸਮੁੱਚੇ ਰਾਜਪੂਤ ਭਾਈਚਾਰੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਤੀ ਆਧਾਰਤ ਰਾਖਵਾਂਕਰਨ ਦੇਸ਼ ਲਈ ਘਾਤਕ ਹੈ ਅਤੇ ਕਸ਼ੱਤਰੀ ਬਰਾਦਰੀ ਆਰਥਿਕ ਆਧਾਰ ’ਤੇ ਰਾਖਵਾਂਕਰਨ ਲਾਗੂ ਕਰਨ ਲਈ ਸਹਿਮਤ ਹੈ।