ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 2 ਅਗਸਤ
ਜ਼ਿਲ੍ਹਾ ਗੁਰਦਾਸਪੁਰ ਅੰਦਰ ਲਗਾਤਾਰ ਵੱਧ ਰਹੇ ਕਰੋਨਾ ਕੇਸਾਂ ਸਬੰਧੀ ਸਿਹਤ ਵਿਭਾਗ ਵੱਲੋਂ ਨਮੂਨੇ ਲੈਣ ਦਾ ਕੰਮ ਪੂਰ ਜ਼ੋਰਾਂ ’ਤੇ ਚੱਲ ਰਿਹਾ ਹੈ। ਧਾਰੀਵਾਲ ਕਮਿਊਨਿਟੀ ਸਿਹਤ ਕੇਂਦਰ ਦੇ ਐੱਸਐੱਮਓ ਡਾ. ਰਜਿੰਦਰ ਅਰੋੜਾ ਅਤੇ ਨੋਡਲ ਅਫਸਰ-ਕਮ-ਹੋਮਿਓਪੈਥੀ ਅਫਸਰ ਡਾ. ਅਮਰਿੰਦਰ ਸਿੰਘ ਕਲੇਰ ਦੀ ਅਗਵਾਈ ਵਿੱਚ ਪਿੰਡ ਫੱਜੂਪੁਰ ਵਿੱਚ ਕਰੋਨਾ ਦੇ ਸੈਂਪਲ ਲੈਣ ਲਈ ਵਿਸ਼ੇਸ ਕੈਂਪ ਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਕਰੋਨਾ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਲੋਕਾਂ ਲਈ ਸੈਂਪਲਿੰਗ ਕੈਂਪ ਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਅਤੇ ਪਿੰਡ ਕੰਗ ਵਿੱਚ ਵਿਸ਼ੇਸ਼ ਕੈਂਪ ਲਾਇਆ ਗਿਆ। ਪਿੰਡ ਫੱਜੂਪੁਰ ਅਤੇ ਕੰਗ ਵਿੱਚ ਕ੍ਰਮਵਾਰ 140 ਲੋਕਾਂ ਦੇ ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਪਿੰਡਾਂ ਦੇ ਕੁੱਲ 280 ਸੈਂਪਲ ਲੈ ਕੇ ਅੰਮ੍ਰਿਤਸਰ ਭੇਜ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।