ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਜਨਵਰੀ
ਕਰੋਨਾ ਕਾਰਨ ਅੱਜ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਦੌਰਾਨ 224 ਹੋਰ ਨਵੇਂ ਕਰੋਨਾ ਕੇਸ ਆਏ ਹਨ। ਕਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਧਣ ਕਾਰਨ ਜ਼ੇਰੇ ਇਲਾਜ ਕਰੋਨਾ ਮਰੀਜ਼ਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਕਰੋਨਾ ਕਾਰਨ ਅੱਜ ਜਿਨਾਂ ਤਿੰਨ ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ ਉਨ੍ਹਾਂ ਵਿਚ ਦੋ ਔਰਤਾਂ ਤੇ ਇਕ ਮਰਦ ਸ਼ਾਮਲ ਹਨ। ਇਹ ਸਾਰੇ ਹੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਕਰੋਨਾ ਕਾਰਨ ਇਕ 27 ਸਾਲ ਦੀ ਕੁੜੀ ਦੀ ਵੀ ਮੌਤ ਹੋਈ ਹੈ। ਹੁਣ ਤਕ ਜ਼ਿਲ੍ਹੇ ਵਿਚ 1655 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ ਕਰੋਨਾ ਦੇ 401 ਮਰੀਜ਼ ਸਿਹਤਯਾਬ ਹੋਏ ਹਨ। ਦੂਜੇ ਪਾਸੇ ਕਰੋਨਾ ਦੇ ਨਵੇਂ 224 ਪਾਜ਼ੇਟਿਵ ਕੇਸ ਆਏ ਹਨ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ 2 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਜਦ ਕਿ 349 ਨਵੇਂ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 1550 ਕਰੋਨਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 76609 ਤੱਕ ਜਾ ਪੁੱਜਿਆ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕੋਵਿਡ ਦੇ 195 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ ਦੇ ਹੁਣ ਤੱਕ 39449 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਵੇਲੇ ਕੋਵਿਡ ਦੇ 2054 ਮਰੀਜ਼ ਐਕਟਿਵ ਹਨ ਅਤੇ 36351 ਮਰੀਜ਼ ਤੰਦਰੁਸਤ ਹੋ ਚੁੱਕੇ ਹਨ।
ਸਰਕਾਰੀ ਦਫ਼ਤਰਾਂ ’ਚ ਮੁਕੰਮਲ ਟੀਕਾਕਰਨ ਵਾਲੇ ਲੋਕਾਂ ਦਾ ਹੀ ਹੋ ਸਕੇਗਾ ਦਾਖਲਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਕਿਹਾ ਕਿ ਸੇਵਾ ਕੇਂਦਰਾਂ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਸਿਰਫ਼ ਮੁਕੰਮਲ ਟੀਕਾਕਰਨ ਵਾਲੇ ਵਿਅਕਤੀਆਂ ਨੂੰ ਹੀ ਨਾਗਰਿਕ ਕੇਂਦਰਿਤ ਸੇਵਾਵਾਂ ਦਾ ਲਾਭ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਕਾਰਡ ਅਨੁਸਾਰ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਆਪਣੀ ਦੂਜੀ ਖੁਰਾਕ ਪ੍ਰਾਪਤ ਕਰਨ ਤੋਂ ਰਹਿੰਦੇ ਹਨ, ਜੋ ਕਿ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਵਿੱਚ ਵੱਡੀ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਟੀਕਾਕਰਨ ਕਰਵਾ ਚੁੱਕੇ, ਵੈਕਸੀਨ ਦੀ ਇਕ ਖੁਰਾਕ ਪ੍ਰਾਪਤ ਵਿਅਕਤੀ ਅਤੇ ਗੈਰ ਟੀਕਾਕਰਨ ਵਾਲੇ ਲੋਕਾਂ ਦਾ ਜਨਤਕ ਥਾਵਾਂ ’ਤੇ ਆਪਸ ਵਿੱਚ ਮਿਲਣਾ ਇਕ ਗੰਭੀਰ ਸਿਹਤ ਸੰਕਟ ਵਿੱਚ ਤਬਦੀਲ ਹੋ ਸਕਦਾ ਹੈ। ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਸਿਰਫ਼ ਮੁਕੰਮਲ ਟੀਕਾਕਰਨ (ਦੋਵੇਂ ਖੁਰਾਕਾਂ ਪ੍ਰਾਪਤ) ਵਾਲੇ ਵਿਅਕਤੀਆਂ ਨੂੰ ਹੀ ਸਰਕਾਰੀ ਦਫ਼ਤਰਾਂ ਅਤੇ ਜਨਤਕ ਥਾਵਾਂ ’ਤੇ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਵੱਲੋਂ ਸੇਵਾ ਕੇਂਦਰਾਂ ਅਤੇ ਹੋਰ ਵਿਭਾਗਾਂ ਦੀ ਰਿਸੈਪਸ਼ਨ ਵਿਖੇ ਆਉਣ ਵਾਲੇ ਵਿਅਕਤੀਆਂ ਦੇ ਟੀਕਾਕਰਨ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਢੁੱਕਵੀਂ ਤਸਦੀਕ ਉਪਰੰਤ ਇਨ੍ਹਾਂ ਦਫ਼ਤਰਾਂ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਸ੍ਰੀ ਥੋਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਰਫ਼ ਮੁਕੰਮਲ ਟੀਕਾਕਰਨ ਵਾਲੇ ਲੋਕਾਂ ਨੂੰ ਹੀ ਜਨਤਕ ਥਾਵਾਂ ’ਤੇ ਜਾਣ ਦੀ ਇਜਾਜ਼ਤ ਹੈ। ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸ਼ਾਪਿੰਗ ਮਾਲਜ਼, ਹੋਟਲਾਂ, ਰੈਸਟੋਰੈਂਟਾਂ, ਸਿਨੇਮਾਘਰਾਂ ਅਤੇ ਮਾਰਕੀਟਾਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਜੇਕਰ ਕੋਈ ਵੀ ਇਨ੍ਹਾਂ ਥਾਵਾਂ ’ਤੇ ਬਿਨਾਂ ਉਚਿਤ ਟੀਕਾਕਰਨ ਤੋਂ ਪਾਇਆ ਗਿਆ ਤਾਂ ਅਜਿਹੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੁਸ਼ਿਆਰਪੁਰ ਦੇ 80 ਪਿੰਡਾਂ ’ਚ ਟੀਕਾਕਰਨ ਮੁਕੰਮਲ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ 80 ਪਿੰਡਾਂ ਵਿਚ ਸੌ ਫੀਸਦੀ ਯੋਗ ਲਾਭਪਾਤਰੀਆਂ ਦਾ ਕੋਵਿਡ ਬਚਾਅ ਸਬੰਧੀ ਪੂਰਨ ਟੀਕਾਕਰਨ (ਦੋਵੇਂ ਡੋਜ਼ਾਂ) ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਸੰਖਿਆ ਹੋਰ ਵੱਧਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਜ਼ਿਲ੍ਹੇ ਦੇ 374 ਪਿੰਡਾਂ ਵਿਚ ਸਾਰੇ ਯੋਗ ਲਾਭਪਾਤਰੀਆਂ ਨੂੰ ਸੌ ਫੀਸਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸੌ ਫੀਸਦੀ ਪੂਰਨ ਟੀਕਾਕਰਨ ਕਰਵਾਉਣ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਜ਼ਿਲ੍ਹੇ ਵਿਚ 20 ਲੱਖ ਤੋਂ ਵੱਧ ਕੋਵਿਡ ਬਚਾਅ ਸਬੰਧੀ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਰੋਜ਼ਾਨਾ 20 ਹਜ਼ਾਰ ਦੇ ਕਰੀਬ ਕੋਵਿਡ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੂਜੀ ਡੋਜ਼ ਤੋਂ ਵਾਂਝੇ ਲਾਭਪਾਤਰੀ ਨਿਸ਼ਚਿਤ ਸਮੇਂ ਵਿਚ ਆਪਣਾ ਟੀਕਾਕਰਨ ਨਜ਼ਦੀਕੀ ਸਿਹਤ ਕੇਂਦਰ ਵਿਚ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਮੋਬਾਇਲ ਟੀਮਾਂ ਵੀ ਜ਼ਿਲ੍ਹੇ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਟੀਕਾਕਰਨ ਕਰ ਰਹੀਆਂ ਹਨ, ਜਿਸ ਤਹਿਤ ਡੋਰ ਟੂ ਡੋਰ ਮੁਹਿੰਮ ਚਲਾ ਕੇ ਘਰ ਬੈਠੇ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਸਿਹਤ ਵਿਭਾਗ ਦੀਆਂ ਟੀਮਾਂ ਟੀਕਾਕਰਨ ਲਈ ਘਰ ਆਉਣ ਤਾਂ ਉਨ੍ਹਾਂ ਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ।