ਜਤਿੰਦਰ ਬੈਂਸ
ਗੁਰਦਾਸਪੁਰ, 27 ਅਗਸਤ
ਕਰੋਨਾ ਟੈਸਟ ਦੇ ਬਾਈਕਾਟ ਬਾਰੇ ਸ਼ੋਸ਼ਲ ਮੀਡੀਆ ’ਤੇ ਪ੍ਰਚਾਰ ਨੇ ਸੈਂਪਲ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਤਾਇਨਾਤ ਆਸ਼ਾ ਵਰਕਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲਿਹਾਜਾ ਆਸ਼ਾ ਵਰਕਰ ਤੇ ਫੈਸਲੀਟੇਟਰਜ਼ ਯੂਨੀਅਨ ਨੇ ਕਾਰਵਾਈ ਦੀ ਮੰਗ ਕਰਦੇ ਰੋਸ ਪ੍ਰਦਰਸ਼ਨ ਕੀਤਾ।
ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ਼ ਯੂਨੀਅਨ ਪੰਜਾਬ ਗੁਰਦਾਸਪੁਰ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਬਲਵਿੰਦਰ ਕੌਰ ਅਲੀ ਸ਼ੇਰ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਆਸ਼ਾ ਵਰਕਰਾਂ ਨੂੰ ਕਰੋਨਾ ਪਾਜ਼ੇਟਿਵ ਮਰੀਜ਼ ਦੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਮਿਲਣ ਅਤੇ ਹਰ ਆਸ਼ਾ ਵਰਕਰ ਨੂੰ ਲਾਜ਼ਮੀ ਤੌਰ ’ਤੇ ਰੋਜ਼ ਦੋ ਮਰੀਜ਼ ਕਰੋਨਾ ਟੈਸਟ ਲਈ ਸੈਂਪਲ ਕਰਵਾਉਣ ਲਈ ਲਿਆਉਣ ਦੀ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਆਸ਼ਾ ਵਰਕਰਾਂ ਨੂੰ ਪਿੰਡ ਵਿੱਚ ਨਾ ਵੜਨ ਦੇਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ। ਆਗੂਆਂ ਦੱਸਿਆ ਕਿ ਗੁਰਦਾਸਪੁਰ ਦੇ ਇਕ ਦੋ ਪਿੰਡਾਂ ਵਿਚ ਕਰੋਨਾ ਸੈਂਪਲ ਲੈਣ ਗਏ ਵਰਕਰਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਕੋਲੋਂ ਅਜਿਹੇ ਸੁਨੇਹਾ ਫੈਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ਼ ਨੂੰ ਸਹਿਯੋਗ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਪ੍ਰਚਾਰ ਕਾਰਨ ਕਿਸੇ ਵਰਕਰ ਦਾ ਕੋਈ ਨੁਕਸਾਨ ਹੋਇਆ ਤਾਂ ਜ਼ਿੰਮੇਵਾਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹੋਵੇਗੀ।