ਪਾਲ ਸਿੰਘ ਨੌਲੀ
ਜਲੰਧਰ, 3 ਜਨਵਰੀ
ਕਰੋਨਾ ਦੀ ਰੋਕਥਾਮ ਵਾਸਤੇ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਲਵਾਉਣ ਦੀ ਚਲਾਈ ਗਈ ਮੁਹਿੰਮ ਦੇ ਪਹਿਲੇ ਦਿਨ ਹੀ ਸਿਵਲ ਹਸਪਤਾਲ ਵਿੱਚ ਭੀੜ ਲੱਗ ਗਈ। ਵੱਡੀ ਗਿਣਤੀ ’ਚ ਲੋਕ ਵੈਕਸੀਨ ਲਵਾਉਣ ਲਈ ਪਹੁੰਚੇ ਹੋਏ ਸਨ। ਇਸ ਦੇ ਨਾਲ ਹੀ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਪਿਛਲੇ ਕਈ ਦਿਨਾਂ ਤੋਂ ਵੈਕਸੀਨ ਲਵਾਉਣ ਲਈ ਸਿਵਲ ਹਸਪਤਾਲ ਵਿੱਚ ਧੱਕੇ ਖਾ ਰਹੇ ਹਨ।
ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਦੇ ਚੱਲਦਿਆਂ ਸਿਵਲ ਹਸਪਤਾਲ ਵਿੱਚ ਅੱਜ ਟੀਕਾ ਲਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਇਨ੍ਹਾਂ ਵਿਚ ਔਰਤਾਂ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ। ਟੀਕਾ ਲਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਈਨ ਵਿਚ ਖੜ੍ਹਿਆਂ ਸੱਤ ਤੋਂ ਨੌਂ ਘੰਟੇ ਲੱਗ ਰਹੇ ਹਨ। ਕੁਝ ਮਜ਼ਦੂਰਾਂ ਨੇ ਦੱਸਿਆ ਕਿ ਉਹ ਸਵੇਰੇ ਸੱਤ ਵਜੇ ਹੀ ਸਿਵਲ ਹਸਪਤਾਲ ਪਹੁੰਚ ਗਏ ਸਨ ਤਾਂ ਜੋ ਵੈਕਸੀਨ ਲਵਾਉਣ ਲਈ ਉਨ੍ਹਾਂ ਦੀ ਵਾਰੀ ਜਲਦੀ ਆ ਸਕੇ। ਸਨਅਤੀ ਇਲਾਕੇ ਗਦਈਪੁਰ ’ਚ ਬਿਜਲੀ ਦਾ ਕੰਮ ਕਰਦੇ ਦੀਪੂ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਟੀਕਾ ਲਵਾਉਣ ਲਈ ਅੱਜ ਦੂਜੇ ਦਿਨ ਵੀ ਲੰਬੀ ਉਡੀਕ ਕਰਨੀ ਪਈ।ਟੀਕਾ ਲਵਾਉਣ ਲਈ ਲੱਗੀਆਂ ਲਾਈਨਾਂ 300 ਮੀਟਰ ਤੋਂ ਲੈ ਕੇ 400 ਮੀਟਰ ਤੱਕ ਲੰਬੀਆਂ ਸਨ।
ਤਰਨ ਤਰਨ(ਗੁਰਬਖਸ਼ਪੁਰੀ): ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਅੱਜ ਇਥੇ 15 ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਵੈਕਸੀਨ ਲਗਵਾਉਣ ਵਾਲਿਆਂ ਨੂੰ ਆਪਣੇ ਸਾਥੀਆਂ ਨੂੰ ਵੀ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਪਠਾਨਕੋਟ, (ਐੱਨਪੀ ਧਵਨ):ਜ਼ਿਲ੍ਹਾ ਪਠਾਨਕੋਟ ਅੰਦਰ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਸਿਵਲ ਹਸਪਤਾਲ ਦੇ ਕੋਲ ਬਣੇ ਹੋਏ ਪਸ਼ੂ ਹਸਪਤਾਲ ਵਿੱਚ 15 ਤੋਂ 18 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਅੱਜ ਤੋਂ ਸ਼ੁੱਭ ਆਰੰਭ ਕੀਤਾ ਗਿਆ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕੀਤਾ। ਜਦ ਕਿ ਦੂਸਰੇ ਪਾਸੇ ਸਿਹਤ ਵਿਭਾਗ ਦੇ ਐੱਨਐੱਚਐੱਮ ਮੁਲਾਜ਼ਮ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਹਨ, ਵੀ ਕਾਲੇ ਝੰਡੇ ਲੈ ਕੇ ਡਾ. ਵਿਮੁਕਤ ਸ਼ਰਮਾ, ਨੀਤੂ ਸਿੰਘ ਤੇ ਡਾ. ਭਾਵਨਾ ਦੀ ਅਗਵਾਈ ਵਿੱਚ ਉਥੇ ਵਿਧਾਇਕ ਦਾ ਵਿਰੋਧ ਕਰਨ ਲਈ ਪਹਿਲਾਂ ਹੀ ਪੁੱਜ ਗਏ ਸਥਿਤੀ ਨੂੰ ਭਾਂਪਦੇ ਹੋਏ ਵਿਧਾਇਕ ਅਮਿਤ ਵਿੱਜ ਉਥੇ ਨਾ ਪੁੱਜੇ।
ਸਟਾਫ ਦੀ ਘਾਟ ਕਾਰਨ ਕੰਮਕਾਰ ਪ੍ਰਭਾਵਿਤ: ਚੋਪੜਾ
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਕੇਸ਼ ਚੋਪੜਾ ਨੇ ਕਿਹਾ ਕਿ ਟੀਕਾ ਲਵਾਉਣ ਆਉਣ ਵਾਲਿਆਂ ਵਿਚ ਬਹੁਤੇ ਮਜ਼ਦੂਰ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ 25 ਥਾਵਾਂ ’ਤੇ ਵੈਕਸੀਨ ਕੇਂਦਰ ਬਣਾਏ ਗਏ ਹਨ ਪਰ ਸਭ ਤੋਂ ਵੱਧ ਲੋਕ ਸਿਵਲ ਹਸਪਤਾਲ ਪਹੁੰਚ ਰਹੇ ਹਨ। ਸਿਹਤ ਕਾਮਿਆਂ ਦੀ ਪਹਿਲਾਂ ਤੋਂ ਹੀ ਕਮੀ ਹੈ ਅਤੇ ਦੂਜਾ ਸਟਾਫ ਨਰਸਾਂ ਦੀ ਹੜਤਾਲ ਕਾਰਨ ਅਜਿਹੇ ਹਾਲਾਤ ਬਣੇ ਹਨ।