ਐਨਪੀ ਧਵਨ
ਪਠਾਨਕੋਟ, 12 ਸਤੰਬਰ
ਨਗਰ ਕੌਂਸਲ ਸੁਜਾਨਪੁਰ ਦੇ ਕੌਂਸਲਰਾਂ ਦਾ ਵਫਦ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਿਆ। ਵਫਦ ਵਿੱਚ ਕੌਂਸਲਰ ਮਹਿੰਦਰ ਬਾਲੀ, ਅਸ਼ਵਨੀ ਕੁਮਾਰ ਬੰਟੀ, ਰਮੇਸ਼ ਕੁਮਾਰ, ਲਕਸ਼ਮੀ ਵਰਮਾ, ਪੁਸ਼ਪਾ ਦੇਵੀ ਤੇ ਸੁਰਿੰਦਰ ਸ਼ਰਮਾ ਸ਼ਾਮਲ ਸਨ। ਇਨ੍ਹਾਂ ਨੇ ਮੰਤਰੀ ਨੂੰ ਸੁਜਾਨਪੁਰ ਦੀਆਂ ਸਮੱਸਿਆਵਾਂ ਦੱਸੀਆਂ।
ਨਗਰ ਕੌਂਸਲ ਦੇ ਪ੍ਰਧਾਨ ਅਨੁਰਾਧਾ ਬਾਲੀ ਅਤੇ ਉਪ ਪ੍ਰਧਾਨ ਸੁਰਿੰਦਰ ਮਨਹਾਸ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਦੱਸਿਆ ਕਿ ਸੁਜਾਨਪੁਰ ਤੋਂ ਮਲਿਕਪੁਰ ਤੱਕ ਯੂਬੀਡੀਸੀ ਅੱਪਰਬਾਰੀ ਦੁਆਬ ਨਹਿਰ ਕਿਨਾਰੇ ਸੜਕ ਦੇ ਨਿਰਮਾਣ ਕੰਮ ਪੂਰਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਲਿੰਕ ਰੋਡ ਦਾ ਕੰਮ ਮੰਡੀ ਬੋਰਡ ਵੱਲੋਂ ਕਰਵਾਇਆ ਜਾਣਾ ਹੈ ਕਿਉਂਕਿ ਇਸ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਇਸ ਉਪਰੋਂ ਲੋਕਾਂ ਦਾ ਲੰਘਣਾ ਦੁਸ਼ਵਾਰੀਆਂ ਭਰਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਮਸ਼ਾਨਘਾਟ ਨੂੰ ਜਾਣ ਦਾ ਮੁੱਖ ਰਸਤਾ ਵੀ ਇਹੀ ਹੈ। ਰਸਤੇ ਦੇ ਖਰਾਬ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਦੇ ਇਲਾਵਾ ਸੁਜਾਨਪੁਰ ਵਿੱਚ ਸੀਵਰੇਜ ਵਿਵਸਥਾ ਨਹੀਂ ਹੈ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਲਈ ਸੁਜਾਨਪੁਰ ਵਿੱਚ ਸੀਵਰੇਜ ਪਾਉਣ ਲਈ ਕੰਮ ਨੂੰ ਜਲਦੀ ਸ਼ੁਰੂ ਕਰਵਾਇਆ ਜਾਵੇ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਜੋ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 8 ਕਰੋੜ ਦੀ ਲਾਗਤ ਨਾਲ ਪਠਾਨਕੋਟ ਅੰਦਰ ਸਰਕਿਟ ਹਾਊਸ ਬਣਾਇਆ ਜਾਵੇਗਾ।