ਪੱਤਰ ਪ੍ਰੇਰਕ
ਤਾਰਨ ਤਾਰਨ, 6 ਅਕਤੂਬਰ
ਸ਼ਹਿਰ ਦੇ ਮੁੱਖ ਅੱਡਾ ਬਾਜ਼ਾਰ ਵਿੱਚ ਧਰਮਸ਼ਾਲਾ ਗੰਢਾਂ ਨੇੜੇ ਸੀਵਰੇਜ ਦੇ ਮੈਨਹੋਲ ਦਾ ਇਕ ਢੱਕਣ ਟੁੱਟ ਕੇ ਜ਼ਮੀਨ ਹੇਠਾਂ ਜਾ ਧੱਸਿਆ ਹੈ ਤੇ ਬੀਤੇ ਦੋ ਮਹੀਨਿਆਂ ਤੋਂ ਇਸ ਕਾਰਨ ਵੱਡੀ ਗਿਣਤੀ ਦੋਪਹੀਆ ਵਾਹਨ ਸਵਾ ਜ਼ਖ਼ਮੀ ਹੋ ਚੁੱਕੇ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਨੂੰ ਠੀਕ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਟੁੱਟੇ ਢੱਕਣ ਕਰ ਕੇ ਸ਼ਾਮ ਹੁੰਦਿਆਂ ਹੀ ਹਾਦਸਿਆਂ ਦਾ ਦੌਰ ਜਾਰੀ ਹੋ ਜਾਂਦਾ ਹੈ, ਜਿਸ ਨਾਲ ਕਈ ਵਾਰ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਨਗਰ ਕੌਂਸਲ ਦੇ ਦਫ਼ਤਰ ਜਾ ਕੇ ਵੀ ਅਧਿਕਾਰੀਆਂ ਨੂੰ ਢੱਕਣ ਠੀਕ ਕਰਨ ਦੀ ਅਪੀਲ ਕੀਤੀ ਹੈ, ਪਰ ਅਧਿਕਾਰੀ ਮੌਕੇ ਦਾ ਕਈ ਵਾਰ ਨਿਰੀਖਣ ਕਰਨ ਆਏ ਹਨ, ਪਰ ਇਸ ਨੂੰ ਠੀਕ ਕਰਨ ਦੀ ਕਾਰਵਾਈ ਨਹੀਂ ਕਰ ਰਹੇ। ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ (ਈਓ) ਕੰਵਲਜੀਤ ਸਿੰਘ ਨੇ ਢੱਕਣ ਨੂੰ ਤੁਰੰਤ ਠੀਕ ਦਾ ਕਰਨ ਦਾ ਯਕੀਨ ਦਿੱਤਾ ਹੈ।