ਐੱਨ ਪੀ ਧਵਨ
ਪਠਾਨਕੋਟ, 14 ਨਵੰਬਰ
ਸੀਪੀਆਈਐੱਮ ਦੀ ਕੇਂਦਰੀ ਕਮੇਟੀ ਦੇ ਸੱਦੇ ’ਤੇ ਲੋਕ ਮਸਲਿਆਂ ਨੂੰ ਲੈ ਕੇ ਰੈਲੀ ਅਤੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਪਰਸ਼ੋਤਮ ਕੁਮਾਰ, ਦੇਵ ਸੈਣੀ, ਵਿਜੇ ਕੁਮਾਰ, ਚਮਨ ਲਾਲ, ਜਗਦੀਸ਼ ਰਾਜ ਤੇ ਗੁੱਡੋ ਦੇਵੀ ਆਦਿ ਸ਼ਾਮਲ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਕੇਵਲ ਕਾਲੀਆ, ਬਿਕਰਮਜੀਤ, ਬਲਵੰਤ ਸਿੰਘ ਤੇ ਸੱਤ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਇੱਕ ਦੇਸ਼ ਇੱਕ ਚੋਣ ਨੂੰ ਲਾਗੂ ਕਰਨਾ ਚਾਹੁੰਦੀ ਹੈ ਜੋ ਨਾ ਤਾਂ ਵਿਹਾਰਕ ਹੈ ਅਤੇ ਨਾ ਹੀ ਸੰਭਵ ਹੈ। ਜੇਕਰ ਕਿਸੇ ਸੂਬੇ ਵਿੱਚ ਲਟਕਵੀਂ ਅਸੈਂਬਲੀ ਬਣਦੀ ਹੈ ਤਾਂ ਕੋਈ ਪਾਰਟੀ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕਰ ਸਕਦੀ। ਕੋਈ ਗੱਠਜੋੜ ਵੀ ਨਹੀਂ ਹੁੰਦਾ ਤਾਂ ਸੂਬੇ ਵਿੱਚ ਕਿਸ ਦੀ ਸਰਕਾਰ ਹੋਵੇਗੀ। ਜੇਕਰ ਗੱਠਜੋੜ ਦੀ ਸਰਕਾਰ ਬਣਦੀ ਹੈ ਤੇ ਬਾਅਦ ਵਿੱਚ ਕੋਈ ਪਾਰਟੀ ਸਮਰਥਨ ਵਾਪਸ ਲੈਂਦੀ ਹੈ ਤਾਂ ਬਾਕੀ ਸਮਾਂ ਗਵਰਨਰੀ ਰਾਜ ਰਹੇਗਾ।
ਉਨ੍ਹਾਂ ਸਪੱਸ਼ਟ ਕਿਹਾ ਕਿ ਇੱਕ ਦੇਸ਼ ਇੱਕ ਚੋਣ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਹੈ। ਇਹ ਕੇਂਦਰੀ ਸਰਕਾਰ ਨੂੰ ਅਥਾਹ ਸ਼ਕਤੀਆਂ ਦਿੰਦਾ ਹੈ ਅਤੇ ਲੋਕਤੰਤਰ ਦੀ ਭਾਵਨਾ ਦੇ ਵਿਰੁੱਧ ਹੈ। ਇਸ ਲਈ ਇਹ ਵਿਹਾਰਕ ਨਹੀਂ ਹੈ। ਜੇਕਰ ਕਿਸੇ ਹਲਕੇ ਦੇ ਸੰਸਦ ਜਾਂ ਐੱਮਐੱਲਏ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਅਯੋਗ ਹੋ ਜਾਂਦਾ ਹੈ ਤਾਂ ਉਸ ਹਲਕੇ ਦੀ ਨੁਮਾਇੰਦਗੀ ਕੌਣ ਕਰੇਗਾ? ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ ਜਦਕਿ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਨੱਥ ਪਾਈ ਜਾਵੇ ਅਤੇ ਇੱਕ ਦੇਸ਼ ਇੱਕ ਚੋਣ ਨੂੰ ਲਾਗੂ ਨਾ ਕੀਤਾ ਜਾਵੇ।