ਪੱਤਰ ਪ੍ਰੇਰਕ
ਪਠਾਨਕੋਟ, 17 ਜਨਵਰੀ
ਅਨਮੋਲ ਸਪੋਰਟਸ ਕਲੱਬ ਸੁਜਾਨਪੁਰ ਵੱਲੋਂ ਕਰਵਾਏ ਜਾ ਰਹੇ 20-20 ਕ੍ਰਿਕਟ ਟੂਰਨਾਮੈਂਟ ਦੇ ਦੂਸਰੇ ਦਿਨ ਇੱਕ ਮੈਚ ਖੇਡਿਆ ਗਿਆ। ਇਸ ਮੈਚ ਦਾ ਉਦਘਾਟਨ ਪ੍ਰਣਵ ਉੱਪਲ ਨੇ ਕੀਤਾ। ਇਹ ਮੈਚ ਜੰਮੂ ਇਲੈਵਨ ਅਤੇ ਸੰਧੂ ਇਲੈਵਨ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਪ੍ਰਧਾਨ ਮਹਿੰਦਰ ਬਾਲੀ ਨੇ ਦੱਸਿਆ ਕਿ ਜੰਮੂ ਇਲੈਵਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ ਕੁੱਲ 105 ਦੌੜਾਂ ਬਣਾਈਆਂ। ਇਸ ਦੇ ਜੁਆਬ ਵਿੱਚ ਸੰਧੂ ਇਲੈਵਨ ਦੀ ਟੀਮ ਨੇ 4 ਵਿਕਟਾਂ ਗੁਆ ਕੇ ਦੌੜਾਂ ਦਾ ਨਿਰਧਾਰਤ ਟੀਚਾ ਪਾਰ ਕਰ ਕੇ ਮੈਚ ਨੂੰ 6 ਵਿਕਟਾਂ ਨਾਲ ਜਿੱਤ ਲਿਆ। ਸੰਧੂ ਇਲੈਵਨ ਦੇ ਗੌਰਵ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 60 ਦੌੜਾਂ ਬਣਾਈਆਂ। ਇਸ ਕਰਕੇ ਉਸ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਇਸ ਮੌਕੇ ਇੰਜਨੀਅਰ ਅਜੈ ਮਹਾਜਨ, ਸੁਰਿੰਦਰ ਸ਼ਰਮਾ, ਪਾਰਸ ਸ਼ਰਮਾ, ਸਮੀਰ ਠਾਕੁਰ, ਪ੍ਰਥਮ ਸਿੰਘ, ਹੀਰਾ ਲਾਲ ਸ਼ਰਮਾ, ਬਲਜੀਤ ਸਿੰਘ, ਦਵਿੰਦਰ ਕੁਮਾਰ, ਪ੍ਰਸ਼ਾਦ ਸ਼ਰਮਾ ਆਦਿ ਹਾਜ਼ਰ ਸਨ।
ਫੁਟਬਾਲ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਫੁਟਬਾਲ ਟੀਮ ਨੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਫੁਟਬਾਲ ਚੈਂਪੀਅਨਸ਼ਿਪ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਯੂਨੀਵਰਸਿਟੀ ਨੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਪੱਧਰ ’ਤੇ ਇਹ ਗੌਰਵਮਈ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਚੈਂਪੀਅਨਸ਼ਿਪ ਮਹਾਤਮਾ ਗਾਂਧੀ ਯੂਨੀਵਰਸਿਟੀ ਕੇਰਲਾ ਵਿੱਚ ਹੋਈ ਸੀ। ਇਸ ਟੂਰਨਾਮੈਂਟ ਲਈ ਭਾਰਤ ਦੇ ਚਾਰ ਜ਼ੋਨਾਂ ਵਿਚੋਂ 16 ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸੈਮੀਫਾਈਨਲ ਦੇ ਸਖ਼ਤ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 1-0 ਨਾਲ ਹਰਾ ਕੇ ਫਾਈਨਲ ਮੁਕਾਬਲੇ ਵਿਚ ਭਾਗ ਸਿੰਘ ਯੂਨੀਵਰਸਿਟੀ ਨੇ ਆਪਣੀ ਥਾਂ ਸੁਰੱਖਿਅਤ ਕੀਤੀ। ਟੂਰਨਾਮੈਂਟ ਦਾ ਫਾਈਨਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਟੀਮ ਅਤੇ ਯੂਨੀਵਰਸਿਟੀ ਆਫ ਕਾਲੀਕਟ, ਕੇਰਲਾ ਵਿਚਕਾਰ ਹੋਇਆ। ਇਸ ਮੁਕਾਬਲੇ ਵਿਚ ਯੂਨੀਵਰਸਿਟੀ ਆਫ ਕਾਲੀਕਟ ਕੇਰਲਾ ਜੇਤੂ ਰਹੀ। ਇਸ ਮੌਕੇ ਚਾਂਸਲਰ ਸੰਤ ਸਰਵਣ ਸਿੰਘ ਅਤੇ ਵਾਈਸ ਚੇਅਰਮੈਨ ਸੰਤ ਮਨਮੋਹਨ ਸਿੰਘ ਨੇ ਟੀਮ ਦੇ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਦੇ ਉਜਵੱਲ ਭਵਿੱਖ ਲਈ ਅਰਦਾਸ ਵੀ ਕੀਤੀ।