ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 2 ਸਤੰਬਰ
ਇੱਥੋਂ 7 ਕਿਲੋਮੀਟਰ ਦੂਰੀ ’ਤੇ ਪੈਂਦੇ ਪਿੰਡ ਭੁੰਬਲੀ ਵਿੱਚ ਬਾਬਾ ਚੱਠਾ ਜੀ ਯਾਦਗਾਰੀ ਸਾਲਾਨਾ ਇਤਿਹਾਸਕ ਦੋ ਰੋਜ਼ਾ ਛਿੰਝ ਮੇਲੇ ਦਾ ਆਗਾਜ਼ ਹੋਇਆ। ਅੱਜ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਪਹੁੰਚੇ। ਚੇਅਰਮੈਨ ਬਹਿਲ ਨੇ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਛਿੰਝ ਮੇਲੇ ਹੋਣਾ ਖੁਸ਼ਹਾਲ ਤੇ ਰੰਗਲੇ ਪੰਜਾਬ ਦਾ ਵਿਰਸਾ ਹਨ। ਮੇਲੇ ਪਹਿਲੇ ਦਿਨ ਗਾਇਕ ਜੋੜੀ ਕੁਲਵੰਤ ਬਿੱਲਾ ਅਤੇ ਬੀਬਾ ਕੁਲਵੰਤ ਕੌਰ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਮਗਰੋਂ ਕਬੱਡੀ ਮੁਕਾਬਲਿਆਂ ’ਚ ਢਡਿਆਲਾ ਦੀ ਕਬੱਡੀ ਟੀਮ ਨੇ ਭੁੰਬਲੀ ਦੀ ਟੀਮ ਨੂੰ 11 ਅੰਕਾਂ ਦੇ ਫਰਕ ਨਾਲ ਹਰਾਇਆ। ਇਸ ਦੌਰਾਨ ਲਗਪਗ 50 ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਦੱਸਿਆ ਕਿ 3 ਸਤੰਬਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਜੇਤੂਆਂ ਨੂੰ ਇਨਾਮ ਤਕਸੀਮ ਕਰਨਗੇ।
ਸੁੱਖ ਬੱਬੇਹਾਲੀ ਨੇ ਕੁਸ਼ਤੀ ਜਿੱਤੀ
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਨਜ਼ਦੀਕੀ ਪਿੰਡ ਬੱਬੇਹਾਲੀ ਵਿੱਚ ਅਕਾਲੀ ਆਗੂ ਗੁਰਬਚਨ ਸਿੰਘ ਬੱਬੇਹਾਲੀ ਦੀ ਦੇਖ-ਰੇਖ ਹੇਠ ਕਰਵਾਏ ਗਏ ਦੋ ਰੋਜ਼ਾ ਛਿੰਝ ਮੇਲੇ ਦੇ ਦੂਸਰੇ ਦਿਨ ਮਾਲੀ ਦੀ ਕੁਸ਼ਤੀ ਸੁੱਖ ਬੱਬੇਹਾਲੀ ਨੇ ਸੁੱਖਾ ਰਾਜਸਥਾਨ ਨੂੰ ਚਿੱਤ ਕਰਕੇ ਜਿੱਤੀ। 60 ਕਿੱਲੋ ਭਾਰ ਵਰਗ ਦਾ ਫਾਈਨਲ ਕਬੱਡੀ ਮੁਕਾਬਲਾ ਰਮਦਾਸ ਅਤੇ ਕੋਟਲੀ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਰਮਦਾਸ ਦੀ ਟੀਮ ਸੱਤ ਅੰਕਾਂ ਨਾਲ ਜੇਤੂ ਰਹੀ।