ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਸੁਜਾਨਪੁਰ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਥਾਣਾ ਮੁਖੀ ਅਨਿਲ ਪਵਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਲੱਖਣ ਸਿੰਘ ਵਾਸੀ ਕਾਠਗੜ੍ਹ ਨੇ ਦੱਸਿਆ ਕਿ ਉਹ ਪੰਜਾਬ ਪੁਲੀਸ ਨੈਸ਼ਨਲ ਹਾਈਵੇਅ ਪੈਟਰੋਲਿੰਗ ਗੱਡੀ ਵਿੱਚ ਡਰਾਈਵਰ ਹੈ। ਬੀਤੀ ਰਾਤ ਲਗਪਗ 12 ਵਜੇ ਪੁਲੀਸ ਪਾਰਟੀ ਨਾਲ ਮਲਿਕਪੁਰ ਤੋਂ ਮਾਧੋਪੁਰ ਵੱਲ ਜਾ ਰਿਹਾ ਸੀ ਜਦ ਮਲਿਕਪੁਰ ਤੋਂ 500 ਮੀਟਰ ਪਿੱਛੇ ਦੇਖਿਆ ਕਿ ਇੱਕ ਵਿਅਕਤੀ ਨੂੰ ਕੋਈ ਅਣਪਛਾਤਾ ਵਾਹਨ ਸਾਈਡ ਮਾਰ ਕੇ ਚਲੇ ਗਿਆ ਸੀ। ਉਹ ਜ਼ਖਮੀ ਹੋਇਆ ਸੀ। ਉਨ੍ਹਾਂ ਉਸ ਨੂੰ ਹਸਪਤਾਲ ਪਠਾਨਕੋਟ ਵਿੱਚ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸ ਦੀ ਲਾਸ਼ ਸਰਕਾਰੀ ਹਸਪਤਾਲ ਪਠਾਨਕੋਟ ਮੁਰਦਾਘਰ ਵਿੱਚ ਰੱਖ ਦਿੱਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੜਕ ਹਾਦਸੇ ਵਿੱਚ ਮੌਤ
ਤਰਨ ਤਾਰਨ (ਪੱਤਰ ਪ੍ਰੇਰਕ): ਬੀਤੇ ਕੱਲ੍ਹ ਇਲਾਕੇ ਦੇ ਸੁਰਸਿੰਘ ਪਿੰਡ ਦੇ ਵਾਸੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ (45) ਵਜੋਂ ਹਈ। ਉਹ ਆਪਣੇ ਪਿੰਡ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਹੁਵਿੰਡ ਦੇ ਦਰਸ਼ਨ ਕਰਨ ਲਈ ਪੈਦਲ ਹੀ ਜਾ ਰਿਹਾ ਸੀ| ਪਿੱਛੋਂ ਆਏ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ|
ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ| ਮੋਟਰਸਾਈਕਲ ਚਾਲਕ ਦੇ ਵੀ ਸੱਟਾਂ ਲੱਗੀਆਂ| ਉਸ ਦੀ ਪਛਾਣ ਨੇੜੇ ਦੇ ਪੱਧਰੀ ਪਿੰਡ ਦੇ ਵਾਸੀ ਗੁਰਜੰਟ ਸਿੰਘ ਵਜੋਂ ਹੋਈ। ਭਿੱਖੀਵਿੰਡ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ| ਮੋਟਰਸਾਈਕਲ ਚਾਲਕ ਫਰਾਰ ਹੋ ਗਿਆ|
ਪਿੰਡ ਖੰਗੂੜਾ ਵਿੱਚ ਨੌਜਵਾਨ ਨੇ ਦਰੱਖਤ ਨਾਲ ਫਾਹਾ ਲਿਆ
ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਪਿੰਡ ਖੰਗੂੜਾ ਵਿੱਚ ਨੌਜਵਾਨ ਨੇ ਭੇਤਭਰੀ ਹਾਲਾਤ ਵਿੱਚ ਸ਼ਮਸ਼ਾਨਘਾਟ ਵਿੱਚ ਦਰੱਖਤ ਨਾਲ ਲਟਕ ਕੇ ਫ਼ਾਹਾ ਲਿਆ। ਐੱਸਐੱਚਓ ਸਦਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਪੰਚ ਲਖਬੀਰ ਸਿੰਘ ਨੇ ਅੱਜ ਸਵੇਰੇ ਕਰੀਬ 6 ਕੁ ਵਜੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਵਿਅਕਤੀ ਨੇ ਬਾਹਰ ਘੁੰਮਣ ਗਏ ਸਮੇਂ ਦੇਖਿਆ ਕਿ ਇੱਕ ਨੌਜਵਾਨ ਦੀ ਲਾਸ਼ ਸ਼ਮਸ਼ਾਨਘਾਟ ਵਿੱਚ ਦਰੱਖਤ ਨਾਲ ਲਟਕ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਨ੍ਹਾਂ ਦੇ ਪਿੰਡ ਦਾ ਨਹੀਂ ਹੈ। ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਤੇ ਉਸ ਦੀ ਉਮਰ 25 ਕੁ ਸਾਲ ਦੇ ਕਰੀਬ ਜਾਪਦੀ ਹੈ ਤੇ ਉਸ ਨੇ ਬਾਂਹ ’ਤੇ ਅੰਗਰੇਜ਼ੀ ’ਚ ਕਬੱਡੀ ਲਿਖਿਆ ਹੋਇਆ ਹੈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿੱਚ ਮੋਰਚੀ ਵਿੱਚ ਰਖਵਾ ਦਿੱਤੀ ਹੈ।