ਪੱਤਰ ਪ੍ਰੇਰਕ
ਕਾਹਨੂੰਵਾਨ, 21 ਅਪਰੈਲ
ਇੱਥੋਂ ਨੇੜੇ ਪੈਂਦੇ ਪਿੰਡ ਸ਼ੀਂਹ ਭੱਟੀ ਵਿੱਚ ਇੱਕ ਕੰਬਾਈਨ ਮਾਲਕ ਨੌਜਵਾਨ ਦੀ ਕੰਬਾਈਨ ਚਲਾਉਂਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਦੀਪਕ ਸਿੰਘ ਪੁੱਤਰ ਰਾਮ ਸਿੰਘ ਜੋ ਕਿ ਕੰਬਾਈਨ ਹਾਰਵੈਸਟਰ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਬੀਤੀ ਦੇਰ ਸ਼ਾਮ ਨੂੰ ਜਦੋਂ ਉਹ ਸ਼ੀਂਹ ਭੱਟੀ ਤੋਂ ਤੁਗਲਵਾਲ ਰੋਡ ਉੱਪਰ ਭੱਠੇ ਦੇ ਕੋਲ ਕਣਕ ਦੀ ਕਟਾਈ ਕਰ ਰਿਹਾ ਸੀ ਤਾਂ ਇਸ ਦੌਰਾਨ ਸੜਕ ਉੱਤੇ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਹਟਾਉਂਦੇ ਵਕਤ ਅਚਾਨਕ ਬਿਜਲੀ ਦਾ ਵੱਡਾ ਝਟਕਾ ਦੀਪਕ ਸਿੰਘ ਨੂੰ ਲੱਗਿਆ ਜਿਸ ਕਾਰਨ ਦੀਪਕ ਸਿੰਘ ਮੌਕੇ ’ਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਭਾਮ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।