ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 24 ਦਸੰਬਰ
ਨਸ਼ੇ ਦਾ ਟੀਕਾ ਲਾਉਣ ਕਾਰਨ ਕਸਬਾ ਫਤਿਆਬਾਦ ਦੇ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਵਰਿੰਦਰ ਸਿੰਘ ਉਰਫ ਗਗਨ ਦੇ ਪਿਤਾ ਰਾਮ ਲੁਭਾਇਆ ਨੇ ਪੁੱਤਰ ਦੀ ਮੌਤ ਲਈ ਸਥਾਨਕ ਪੁਲੀਸ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ ਹੈ।ਮ੍ਰਿਤਕ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਤਿੰਨ ਬੇਟੇ ਹਨ ਅਤੇ ਤਿੰਨੋ ਹੀ ਨਸ਼ੇ ਦੇ ਆਦੀ ਹਨ। ਵਰਿੰਦਰ ਸਿੰਘ ਉਰਫ ਗਗਨ ਸਭ ਤੋਂ ਛੋਟਾ ਹੈ ਅਤੇ ਕਾਫੀ ਸਮੇਂ ਤੋਂ ਨਸ਼ੇ ਦੇ ਟੀਕੇ ਲਗਾ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਸਥਾਨਕ ਪੁਲੀਸ ’ਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋ ਕਈ ਵਾਰ ਮੁਹੱਲੇ ਦੇ ਮਾੜੇ ਅਨਸਰਾਂ ਸਬੰਧੀ ਕਾਰਵਾਈ ਲਈ ਸਥਾਨਕ ਪੁਲੀਸ ਨੂੰ ਅਪੀਲ ਕੀਤੀ ਗਈ ਸੀ ਪਰ ਪੁਲੀਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚੱਲਦਿਆ ਉਸ ਦਾ ਲੜਕਾ ਮੌਤ ਦੇ ਮੂੰਹ ਵਿੱਚ ਗਿਆ ਹੈ। ਸਥਾਨਕ ਕਾਂਗਰਸੀ ਆਗੂ ਅਤੇ ਪੰਚਇਤ ਮੈਂਬਰ ਕੁਲਦੀਪ ਸਿੰਘ ਸੋਨੂੰ ਨੇ ਕਿਹਾ ਕਿ ਮੁਹੱਲੇ ਵਿੱਚ ਕਈ ਘਰ ਸ਼ਰੇਆਮ ਨਸ਼ਾ ਵੇਚ ਰਹੇ ਹਨ ਪਰ ਪੁਲੀਸ ਸਿਰਫ ਮੁਹੱਲੇ ਵਿੱਚ ਗੇੜਾ ਮਾਰਕੇ ਖ਼ਾਨਾਪੂਰਤੀ ਹੀ ਕਰਦੀ ਹੈ।