ਬੇਅੰਤ ਸਿੰਘ ਸੰਧੂ
ਪੱਟੀ 15 ਫ਼ਰਵਰੀ
ਇਥੇ ਪਿੰਡ ਕੱਚਾ ਪੱਕਾ ਵਿੱਚ ਕੱਲ੍ਹ ਨਵ-ਵਿਆਹੁਤਾ ਸ਼ਰਨਪ੍ਰੀਤ ਕੌਰ(21) ਪੁੱਤਰੀ ਸੁਰਿੰਦਰ ਸਿੰਘ ਵਾਸੀ ਮਾਲਾ, ਜ਼ਿਲ੍ਹਾ ਜਲੰਧਰ ਦੀ ਭੇਤਭਰੀ ਹਾਲਤ ’ਚ ਹੋਈ ਮੌਤ ਮਾਮਲੇ ਵਿੱਚ ਪੁਲੀਸ ਨੇ ਮਿ੍ਤਕਾ ਦੇ ਪਤੀ, ਸੱਸ, ਸਹੁਰਾ ਤੇ ਵਿਚੋਲੇ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਸੀ। ਮ੍ਰਿਤਕਾ ਦੇ ਪਤੀ ਦਵਿੰਦਰ ਸਿੰਘ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਨਾ ਕੀਤੇ ਜਾਣ ਤੋਂ ਭੜਕੇ ਪੀੜਤ ਪਰਿਵਾਰ ਨੇ ਅੱਜ ਸਿਵਲ ਹਸਪਤਾਲ ਵਿੱਚ ਧਰਨਾ ਦਿੱਤਾ ਤੇ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਤੇ ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਧਿਰ ਸਿਆਸੀ ਅਸਰ ਰਸੂਖ ਵਾਲੀ ਹੋਣ ਕਰਕੇ ਉਹ ਪੁਲੀਸ ਤੇ ਡਾਕਟਰੀ ਅਮਲੇ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਦੇ। ਉਨ੍ਹਾਂ ਸਿਵਲ ਹਸਪਤਾਲ ਪੱਟੀ ਦੇ ਡਾਕਟਰੀ ਅਮਲੇ ’ਤੇ ਸਹੀ ਰਿਪੋਰਟ ਨਾ ਦੇਣ ਦਾ ਸ਼ੱਕ ਜ਼ਾਹਰ ਕਰਦਿਆਂ ਪੋਸਟਮਾਰਟਮ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਕਰਵਾਉਣ ਦੀ ਮੰਗ ਕੀਤੀ। ਡੀਐੱਸਪੀ ਭਿਖੀਵਿੰਡ ਤਰਸੇਮ ਮਸੀਹ ਨੇ ਦੱਸਿਆ ਕਿ ਪੁਲੀਸ ਨੇ ਲੜਕੀ ਦੀ ਸੱਸ ਸੁਰਿੰਦਰ ਕੌਰ ਤੇ ਸਹੁਰੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕਾ ਦੇ ਪਤੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਪੁਲੀਸ ਉਪਰ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ ਹੋਣ ਤੋਂ ਇਨਕਾਰ ਕੀਤਾ।