ਪੱਤਰ ਪ੍ਰੇਰਕ
ਰਈਆ, 3 ਜਨਵਰੀ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਨਵੇਂ ਸਾਲ- 2022 ਦਾ ਪਲੇਠਾ ਸਾਹਿਤਕ ਸਮਾਗਮ ਅੰਮ੍ਰਿਤ ਏ.ਸੀ. ਹਾਲ ਵਿੱਚ ਕਰਵਾਇਆ ਗਿਆ। ਸਭਾ ਦੇ ਮਹਿਲਾ ਵਿੰਗ ਵੱਲੋਂ ਕਰਵਾਏ ਗਏ ਸਮਾਗਮ ਦੇ ਸਮੁੱਚੇ ਪ੍ਰਧਾਨਗੀ ਮੰਡਲ ਵਿੱਚ ਮਹਿਲਾਵਾਂ ਦਾ ਹੀ ਕਬਜ਼ਾ ਰਿਹਾ। ਪ੍ਰਧਾਨਗੀ ਮੰਡਲ ਵਿੱਚ ਡਾ. ਇਕਬਾਲ ਕੌਰ, ਅਰਤਿੰਦਰ ਸੰਧੂ, ਡਾ. ਇੰਦਰਾ ਵਿਰਕ, ਪ੍ਰਿੰ. ਪ੍ਰੋਮਿਲਾ ਅਰੋੜਾ ਤੇ ਖੁਸ਼ਮੀਤ ਕੌਰ ਬਮਰਾਹ ਆਦਿ ਸ਼ਾਮਲ ਸਨ। ਇਸ ਮੌਕੇ ਉੱਘੀ ਕਵਿੱਤਰੀ ਰਾਜਵਿੰਦਰ ਕੌਰ ‘ਰਾਜ’ ਦੇ ਦੂਸਰੇ ਕਾਵਿ ਸੰਗ੍ਰਹਿ “ਤੈਨੂੰ ਫਿਰ ਦੱਸਾਂਗੇ” ਲੋਕ ਅਰਪਿਤ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਰਣਜੀਤ ਕੌਰ ਸਵੀ ਤੇ ਡਾ. ਇਕਬਾਲ ਕੌਰ ਪੁਸਤਕ ਉੱਪਰ ਵਿਚਾਰ ਚਰਚਾ ਕੀਤੀ। ਮੰਚ ਸੰਚਾਲਨ ਦੇ ਫ਼ਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਇਆ। ਇਸ ਮੌਕੇ ਗਾਇਕ ਮੱਖਣ ਭੈਣੀ ਵਾਲਾ, ਲਾਲੀ ਕਰਤਾਰਪੁਰੀ, ਜਗਦੀਸ਼ ਸਹੋਤਾ, ਅਰਜਿੰਦਰ ਬੁਤਾਲਵੀ ਤੇ ਗੁਰਮੇਜ ਸਿੰਘ ਸਹੋਤਾ ਨੇ ਗਾਇਕੀ ਦੇ ਜੌਹਰ ਦਿਖਾਏ। ਉਪਰੰਤ ਨਵੇਂ ਵਰ੍ਹੇ ਨੂੰ ਸਮਰਪਿਤ ਹਾਜ਼ਰੀਨ ਵੱਲੋਂ ਕਵੀ ਦਰਬਾਰ ਵਿੱਚ ਦਵਿੰਦਰ ਸਿੰਘ ਭੋਲਾ, ਰਣਜੀਤ ਸਿੰਘ ਕੋਟ ਮਹਿਤਾਬ, ਬਲਬੀਰ ਸਿੰਘ ਬੋਲੇ ਵਾਲੀਆ ਤੇ ਬਲਵਿੰਦਰ ਕੌਰ ਸਰਘੀ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ।