ਪੱਤਰ ਪ੍ਰੇਰਕ
ਤਰਨ ਤਾਰਨ , 9 ਜੂਨ
ਸਰਕਾਰ ਵੱਲੋਂ ਲੌਕਡਾਊਨ ਕਾਰਨ ਕੰਮ ਠੱਪ ਹੋ ਜਾਣ ਕਰਕੇ ਲੋਕਾਂ ਨੂੰ ਦਿੱਤੇ ਕਰਜ਼ੇ ਦੀਆਂ ਕਿਸ਼ਤਾਂ ਦੀ ਉਗਰਾਹੀ ਨਾ ਕਰਨ ਸਬੰਧੀ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਇਲਾਕੇ ਅੰਦਰ ਕਈ ਫਾਇਨਾਂਸ ਕੰਪਨੀਆਂ ਵੱਲੋਂ ਅਜਿਹਾ ਕਰਨ ਖ਼ਿਲਾਫ਼ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ ਰੋਸ ਜ਼ਾਹਰ ਕਰਦਿਆਂ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ| ਪਾਰਟੀ ਆਗੂ ਸੁਖਦੇਵ ਸਿੰਘ ਗੋਹਲਵੜ੍ਹ ਤੇ ਬਲਦੇਵ ਸਿੰਘ ਪੰਡੋਰੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਇਲਾਕੇ ਅੰਦਰ ਕਈ ਫਾਇਨਾਂਸ ਕੰਪਨੀਆਂ ਦੇ ਅਧਿਕਾਰੀ ਗ਼ਰੀਬ ਕਿਰਤੀਆਂ ਤੋਂ ਧੱਕੇ ਨਾਲ ਕਰਜ਼ਾ ਵਸੂਲੀ ਕਰ ਰਹੇ ਹਨ| ਊਨ੍ਹਾਂ ਨੇ ਅਜਿਹਾ ਕਰਨ ਵਾਲੇ ਅਧਿਕਾਰੀਆਂ-ਕਰਮਚਾਰੀਆਂ ਖਿਲਾਫ਼ ਕਾਰਵਾਈ ਮੰਗੀ।
ਰਈਆ (ਪੱਤਰ ਪ੍ਰੇਰਕ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕਾਰਕੁਨਾਂ ਨੇ ਗੁਰਮੇਜ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਭਿੰਡਰ ਦੀ ਅਗਵਾਈ ਹੇਠ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਅਧਿਕਾਰੀਆਂ ਰਾਹੀਂ ਬੇਰੁਜ਼ਗਾਰੀ ਅਤੇ ਗ਼ੁਰਬਤ ਮਾਰੇ ਲੋਕਾਂ ਤੋਂ ਹਰ ਕਿਸਮ ਦੀ ਕਰਜ਼ ਵਸੂਲੀ ਬੰਦ ਕਰਨ ਸਬੰਧੀ ਮੰਗ ਪੱਤਰ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ। ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਜੇ ਸਰਕਾਰ ਨੇ ਫਾਇਨਾਂਸ ਕੰਪਨੀਆਂ ਨੂੰ ਨੱਥ ਨਾ ਪਾਈ ਤਾਂ ਪਾਰਟੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਹਰਪ੍ਰੀਤ ਸਿੰਘ, ਨਿਰਮਲ ਸਿੰਘ ਭਿੰਡਰ, ਰਸ਼ਪਾਲ ਸਿੰਘ, ਪਲਵਿੰਦਰ ਸਿੰਘ, ਸ਼ਵਿੰਦਰ ਸਿੰਘ ਹਾਜ਼ਰ ਸਨ।