ਐੱਨ ਪੀ ਧਵਨ
ਪਠਾਨਕੋਟ, 26 ਫਰਵਰੀ
ਅੱਪਰਬਾਰੀ ਦੋਆਬ ਨਹਿਰ (ਯੂਬੀਡੀਸੀ) ਪੁਲ ਨੰਬਰ 5 ਵਿੱਚ ਫਿਲਹਾਲ ਪਾਣੀ ਨਾ ਚੱਲਣ ਕਾਰਨ ਗੰਦਗੀ ਦੇ ਢੇਰ ਲੱਗ ਗਏ ਹਨ ਜਿਸ ਕਾਰਨ ਆਸ-ਪਾਸ ਬਦਬੂ ਫੈਲ ਗਈ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਗਈ ਹੈ ਕਿ ਗੰਦਗੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਸੀਨੀਅਰ ਸਿਟੀਜਨ ਰਾਜਿੰਦਰ ਧੀਮਾਨ ਨੇ ਕਿਹਾ ਕਿ ਨਹਿਰ ਵਿੱਚ ਗੰਦਗੀ ਹੋਣ ਕਾਰਨ ਸੁਆਮੀ ਵਿਵੇਕਾਨੰਦ ਪਾਰਕ ਵਿੱਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਬਦਬੂ ਪੈਦਾ ਹੋਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਨਹਿਰ ਵਿੱਚ ਪਾਣੀ ਨਾ ਹੋਣ ਕਾਰਨ ਸ਼ਹਿਰ ਦਾ ਜੋ ਗੰਦਾ ਪਾਣੀ ਨਹਿਰ ਵਿੱਚ ਪੈਂਦਾ ਹੈ, ਇਸ ਤੋਂ ਬਦਬੂ ਅਤੇ ਮੱਛਰ-ਮੱਖੀਆਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਹਿਰ ਵਿੱਚ ਪਾਣੀ ਛੱਡਿਆ ਜਾਵੇ ਅਤੇ ਗੰਦੇ ਨਾਲੇ ਪਾਣੀ ਦੀ ਨਿਕਾਸੀ ਲਈ ਸੁਜਾਨਪੁਰ ਸ਼ਹਿਰ ਅੰਦਰ ਸੀਵਰੇਜ ਪਾਈਪਾਂ ਪਾਈਆਂ ਜਾਣ।