ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 19 ਸਤੰਬਰ
ਇਥੇ ਦਿ ਰੈਵਿਨਿਉ ਕਾਨੂੰਨਗੋ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਆਪਣੀਆਂ ਮੰਗਾਂ ਸਬੰਧੀ ਇੱਕ ਮੀਟਿੰਗ ਹਰਪ੍ਰੀਤ ਸਿੰਘ ਕੋਹਾਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਅਹਿਮ ਮੁੱਦਿਆਂ ਨੂੰ ਵਿਚਾਰਿਆ ਗਿਆ ਅਤੇ ਕਾਨੂੰਨਗੋ ਸਾਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਬਾਰੇ ਵਿਚਾਰ ਕੀਤੀ ਗਈ ਅਤੇ ਇਸ ਸਬੰਧੀ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਗਿਆ। ਹਰਪ੍ਰੀਤ ਸਿੰਘ ਕੋਹਾਲੀ ਨੇ ਕਿਹਾ ਕਾਨੂੰਨਗੋ ਹੈਡਕੁਆਰਟਰ ਵਿੱਚ ਕਾਨੂੰਨਗੋ ਦੇ ਬੈਠਣ ਲਈ ਇਕ ਵੱਖਰੇ ਕਮਰੇ ਤੱਕ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਬਿਜਲੀ, ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਇੱਥੋਂ ਤਕ ਕੇ ਸਾਰੇ ਪਟਵਾਰਖਾਨੇ ਵਿਚ ਗੁਸਲਖਾਨਿਆਂ ਤੱਕ ਦੀ ਕੋਈ ਸਹੂਲਤ ਨਹੀਂ ਮਿਲੀ ਹੋਈ। ਹਰਪ੍ਰੀਤ ਸਿੰਘ ਨੇ ਕਿਹਾ ਫੀਲਡ ਕਾਨੂੰਨਗੋ ਨੂੰ ਪਬਲਿਕ ਦੇ ਕੰਮ ਦੇ ਨਿਪਟਾਰੇ ਲਈ ਇਕ ਸਹਾਇਕ ਸਾਥੀ ਦਿੱਤਾ ਜਾਵੇ। ਸਾਂਝੇ ਖਾਤੇ ਦੀਆਂ ਨਿਸ਼ਾਨਦੇਹੀਆ ਬੇਲੋੜੇ ਝੱਗੜੇ ਦਾ ਕਾਰਣ ਬਣਦੀਆਂ ਹਨ, ਸੋ ਬਿਨਾਂ ਤਕਸੀਮ ਤੋਂ ਨਿਸ਼ਾਨਦੇਹੀ ਮਾਰਕ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਪਟਵਾਰੀਆਂ ਨੂੰ ਵਾਧੂ ਸਰਕਲ ਦਾ ਕੰਮ ਇਕ ਹੀ ਕਾਣਗੋਈ ਵਿੱਚ ਦਿੱਤਾ ਜਾਵੇ ਤਾਂ ਜੋ ਪਟਵਾਰੀਆਂ ਦੀ ਸਾਲਾਨਾ ਗੁਪਤ ਰਿਪੋਰਟ ਦੇਖਦੇ ਸਮੇਂ ਮੁਸ਼ਕਲ ਪੇਸ਼ ਨਾ ਆਵੇ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਉਪਰੋਕਤ ਮੁਸ਼ਕਲਾਂ ਤੋਂ ਇਲਾਵਾ ਦੂਰ ਦੁਰਾਡੇ ਬਦਲੇ ਕਾਨੂੰਨਗੋ ਨੂੰ ਉਸ ਦੀ ਹੋਮ ਤਹਿਸੀਲ ਵਾਪਸੀ ਸਬੰਧੀ ਮਤਾ ਮਾਣਯੋਗ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਹੈ।