ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੂਨ
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਇਕ ਵਫਦ ਸੁਵਿਧਾ ਕੇਂਦਰ ਮਹਿਤਪੁਰ ਵਿੱਚ ਉਸਾਰੀ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਰੋਕਣ ਸਬੰਧੀ ਐੱਸਡੀਐਮ ਨਕੋਦਰ ਨੂੰ ਮਿਲਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਮਗਨਰੇਗਾ ਵਰਕਰ ਅਤੇ ਉਸਾਰੀ ਮਜ਼ਦੂਰ ਰਜਿਸਟ੍ਰੇਸ਼ਨ ਕਰਵਾਉਣ ਲਈ ਮਹਿਤਪੁਰ ਸੇਵਾ ਕੇਂਦਰ ਹਰ ਰੋਜ਼ ਸਵੇਰ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਹੁੰਦੇ ਹਨ ਪਰ ਸਰਵਰ ਕੰਮ ਨਾ ਕਰਨ ਦਾ ਬਹਾਨਾ ਲਗਾ ਕੇ ਕਾਮਿਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਇਸ ਨਾਲ ਮਜ਼ਦੂਰਾਂ ਦੀ ਹਰ ਰੋਜ਼ ਦਿਹਾੜੀ ਟੁੱਟ ਜਾਂਦੀ ਹੈ । ਐੱਸਡੀਐੱਮ ਨਕੋਦਰ ਗੌਤਮ ਜੈਨ ਨੇ ਮੌਕੇ ’ਤੇ ਹੀ ਕੁਝ ਮਜ਼ਦੂਰਾਂ ਦੇ ਫਾਰਮ ਸੁਵਿਧਾ ਕੇਂਦਰ ਨਕੋਦਰ ਦੇ ਇੰਚਾਰਜ ਨੂੰ ਬੁਲਾ ਕੇ ਰਜਿਸਟ੍ਰੇਸ਼ਨ ਕਰਨ ਨੂੰ ਕਿਹਾ ਅਤੇ ਯੂਨੀਅਨ ਆਗੂਆਂ ਨੂੰ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ
ਮਜੀਠਾ (ਲਖਨਪਾਲ ਸਿੰਘ ਮਜੀਠਾ): ਟੈਲੀਕਾਮ ਯੂਨੀਅਨ ਮਜੀਠਾ ਵਲੋ ਆਪਣੀਆਂ ਮੰਗਾਂ ਸਬੰਧੀ ਸਬ ਡਿਵੀਜ਼ਨ ਵਿੱਚ ਤਹਿਸੀਲਦਾਰ ਮਜੀਠਾ ਪ੍ਰਵੀਨ ਛਿੱਬਰ ਨੂੰ ਮੰਗ ਪੱਤਰ ਦਿਤਾ ਗਿਆ। ਟੈਲੀਕਾਮ ਦੀਆਂ ਦੁਕਾਨਾਂ ਚਲਾ ਰਹੇ ਦੁਕਾਨਦਾਰਾਂ ਨੇ ਤਹਿਸੀਲਦਾਰ ਤੋ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਫਤੇ ਦੇ ਛੇ ਦਿਨ ਦੁਕਾਨਾਂ ਖੋਲ੍ਹਣ ਦੀ ਆਗਿਆ ਦਿਤੀ ਜਾਵੇ। ਇਸ ਮੌਕੇ ਭੋਮਾਂ ਟੈਲੀਕਾਮ, ਹੈਪੀ ਟੇਲੀਕਾਮ, ਗਗਨ ਟੈਲੀਕਾਮ, ਕੰਡਾ ਟੈਲੀਕਾਮ, ਕਰਨ ਟੈਲੀਕਾਮ ਦੇ ਪ੍ਰਬੰਧਕ ਸ਼ਾਮਲ ਸਨ।