ਪੱਤਰ ਪ੍ਰੇਰਕ
ਕਾਹਨੂੰਵਾਨ, 31 ਜਨਵਰੀ
ਹਲਕੇ ਦੇ ਕਿਸਾਨਾਂ ਨੇ ਬੇਮੌਸਮੀ ਬਰਸਾਤ ਕਾਰਨ ਬਲਾਕ ਕਾਹਨੂੰਵਾਨ ਬੇਟ ਖੇਤਰ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੇਮ ਦੇ ਮਾਰੇ ਰਕਬੇ ਵਿੱਚ ਬਰਬਾਦ ਹੋ ਚੁੱਕੀਆਂ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਾਹਨੂੰਵਾਨ ਦੇ ਪਿੰਡ ਸੱਲੋਪੁਰ, ਕੋਟਲੀ ਹਰਚੰਦਾ, ਝੰਡਾ ਗੁੱਜਰਾਂ, ਝੰਡਾ ਲੁਬਾਣਾ, ਭੈਣੀ ਮੀਆਂ ਖਾਂ, ਚੱਕ ਸਰੀਫ਼, ਕੋਟਲੀ ਸੈਣੀਆਂ, ਨਾਨੋਵਾਲ ਕਲਾਂ ਅਤੇ ਨਾਨੋਵਾਲ ਖ਼ੁਰਦ ਆਦਿ ਦੇ ਕਿਸਾਨਾਂ ਨੇ ਦੱਸਿਆ ਕਿ ਬੀਤੇ ਸਮਾਂ ਪਈ ਬੇਮੌਸਮੀ ਬਰਸਾਤ ਕਾਰਨ ਉਨ੍ਹਾਂ ਦੇ ਪਿੰਡਾਂ ਵਿੱਚ ਹਜ਼ਾਰਾਂ ਏਕੜ ਰਕਬੇ ਵਿੱਚ ਬੀਜੀ ਹੋਈ ਕਣਕ ਦੀ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੌ ਫ਼ੀਸਦੀ ਬਰਬਾਦ ਹੋਈ ਕਣਕ ਦੀ ਫ਼ਸਲ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਹਰਾ ਚਾਰਾ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਇਸ ਦੇ ਨਾਲ ਨਾਲ ਕਿਸਾਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਗੰਨੇ ਦੀ ਖੜ੍ਹੀ ਫ਼ਸਲ ਦੀ ਕਟਾਈ ਅਤੇ ਸਾਂਭ ਸੰਭਾਲ ਦਾ ਖੜ੍ਹਾ ਹੋ ਗਿਆ ਹੈ। ਕਿਸਾਨ ਆਗੂ ਦਵਿੰਦਰ ਸਿੰਘ, ਮਲਕੀਤ ਸਿੰਘ ਅਤੇ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਿਤ ਰਕਬੇ ਦੀ ਤੁਰੰਤ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਪ੍ਰਤੀ ਏਕੜ 30 ਤੋਂ 40 ਹਜ਼ਾਰ ਮੁਆਵਜ਼ਾ ਦਿੱਤਾ ਜਾਵੇ।