ਜਤਿੰਦਰ ਬੈਂਸ
ਗੁਰਦਾਸਪੁਰ,16 ਜੂਨ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕਰ ਕੇ ਭੀਮਾ ਕੋਰੇਗਾਓਂ ਸਾਜਿਸ਼ ਹੇਠ ਯੂਏਪੀਏ ਦੇ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿੱਚ ਡੱਕੇ ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਜਮਹੂਰੀ ਅਧਿਕਾਰ ਕਾਰਕੁਨਾਂ, ਵਕੀਲਾਂ, ਲੇਖਕਾਂ, ਕਲਾਕਾਰਾਂ ਤੇ ਪੱਤਰਕਾਰਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਸਭਾ ਵੱਲੋਂ ਸਥਾਨਕ ਫਿਸ਼ ਪਾਰਕ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ. ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ। ਆਗੂਆਂ ਅਸ਼ਵਨੀ ਕੁਮਾਰ, ਹਰਭਜਨ ਸਿੰਘ ਮਾਂਗਟ, ਅਮਰਜੀਤ ਸਿੰਘ ਮੰਨੀ, ਅਨੇਕ ਚੰਦ, ਜੋਗਿੰਦਰ ਪਾਲ, ਬਲਵਿੰਦਰ ਕੌਰ, ਅਮਰਜੀਤ ਸ਼ਾਸਤਰੀ, ਅਮਰਕਰਾਂਤੀ ਅਤੇ ਸੁਰਿੰਦਰ ਸਿੰਘ ਕੋਠੇ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਕਾਲੇ ਕਾਨੂੰਨਾਂ ਹੇਠ ਜੇਲ੍ਹਾਂ ਅੰਦਰ ਬੰਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਭੀਮਾ ਕੋਰੇਗਾਓਂ ਸਾਜ਼ਿਸ਼ ਕੇਸ ਵਿੱਚ ਗ੍ਰਿਫ਼ਤਾਰ ਕਾਰਕੁਨਾ ਦੀ ਬਿਨਾਂ ਸ਼ਰਤ ਰਿਹਾਈ ਦੇ ਨਾਲ ਦੇਸ਼ ਭਰ ਵਿੱਚ ਸਰਕਾਰ ਦੀ ਆਲੋਚਨਾ ਦੇ ਆਧਾਰ ਉਪਰ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਦੀ ਰਿਹਾਈ ਦੀ ਮੰਗ ਕਰਨ ਲਈ 6 ਜੂਨ ਤੋਂ ਸਾਰੇ ਪੰਜਾਬ ਵਿੱਚ ਦੂਸਰੇ ਸੰਗਠਨਾਂ ਦੇ ਨਾਲ ਰਲ ਕੇ ਚੇਤਨਾ ਪੰਦਰਵਾੜਾ ਮਨਾ ਰਹੀ ਹੈ। ਇਸ ਮੌਕੇ ਜੋਗਿੰਦਰ ਪਾਲ ਘਰਾਲ਼ਾ, ਹਰਚਰਨ ਸਿੰਘ, ਸੁਰਜੀਤ ਕੁਮਾਰ, ਸੁਖਦੇਵ ਬਹਿਰਾਮਪੁਰ, ਮਹਿੰਗਾ ਰਾਮ ਤੇ ਦਲਬੀਰ ਕੁਮਾਰ ਹਾਜ਼ਰ ਸਨ।