ਗੁਰਬਖਸ਼ਪੁਰੀ
ਤਰਨ ਤਾਰਨ, 17 ਮਈ
ਇੱਥੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਵਿੱਚ ਜ਼ਿਲ੍ਹੇ ਦੇ ਕਈ ਸਰਕਾਰੀ ਐਲੀਮੈਂਟਰੀ ਸਕੂਲਾਂ ਅੰਦਰ ਮਿੱਡ-ਡੇਅ-ਮੀਲ ਦਾ ਕੰਮ ਕਰਦੀਆਂ ਵਰਕਰਾਂ ਨੂੰ ਬਿਨਾਂ ਕਿਸੇ ਕਾਰਨ ਸੇਵਾਵਾਂ ਤੋਂ ਹਟਾਉਣ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ| ਜਥੇਬੰਦੀਆਂ ਨੇ ਸਬੰਧਿਤ ਸਕੂਲਾਂ ਦੇ ਮੁਖੀਆਂ ਦੀ ਇਸ ਕਾਰਵਾਈ ਖ਼ਿਲਾਫ਼ 23 ਮਈ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦੇ ਦਫਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ| ਅੱਜ ਕੀਤੀ ਮੀਟਿੰਗ ਨੂੰ ਮੋਰਚੇ ਦੇ ਆਗੂ ਧਰਮ ਸਿੰਘ, ਸਫਾਈ ਸੇਵਕ ਯੂਨੀਅਨ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿਲ, ਮਿਡ-ਡੇਅ- ਮੀਲ ਵਰਕਰਾਂ ਦੀ ਆਗੂ ਸਰਬਜੀਤ ਕੌਰ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ| ਬੁਲਾਰਿਆਂ ਦੋਸ਼ ਲਗਾਇਆ ਕਿ ਇਹ ਕਾਰਵਾਈ ਸਕੂਲਾਂ ਦੇ ਮੁਖੀਆਂ ਵਲੋਂ ਇਲਾਕੇ ਦੇ ਰਾਜਸੀ ਆਗੂਆਂ ਦੇ ਇਸ਼ਾਰਿਆਂ ’ਤੇ ਕੀਤੀ ਗਈ ਹੈ ਜਿਸ ਨੂੰ ਜਨਤਕ ਜਥੇਬੰਦੀਆਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।