ਐੱਨ.ਪੀ. ਧਵਨ
ਪਠਾਨਕੋਟ, 10 ਜੁਲਾਈ
ਭਗਤ ਸਿੰਘ ਆਟੋ-ਰਿਕਸ਼ਾ ਵਰਕਰਜ਼ ਸੰਘਰਸ਼ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਆਟੋ ਯੂਨੀਅਨਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਵਿੱਚ ਪ੍ਰਧਾਨ ਰਣਜੀਤ ਕੁਮਾਰ, ਰਵਿੰਦਰ ਕੁਮਾਰ, ਰਾਕੇਸ਼ ਵਰਮਾ, ਸੁਖਜਿੰਦਰਜੀਤ ਸਿੰਘ, ਬਿੱਲਾ, ਪੁਨੀਤ ਕਲੇਰ, ਕੁਲਵਿੰਦਰ, ਬਲਵੰਤ ਸਿੰਘ, ਬਿੰਦਰ, ਰਾਜਾ, ਸੋਨੂ ਬਾਬਾ, ਰਣਜੀਤ ਬਾਗਾ ਆਦਿ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਲੌਕਡਾਊਨ ਦੇ ਕਰੀਬ ਤਿੰਨ ਮਹੀਨੇ ਦੌਰਾਨ ਪੰਜਾਬ ਦੇ ਆਟੋ ਚਾਲਕਾਂ ਦੇ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਗੈਰ-ਮਾਨਵੀ ਵਿਹਾਰ ਕੀਤਾ ਹੈ ਜੋ ਕਿ ਹੁਣ ਵੀ ਜਾਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਆਟੋ ਚਾਲਕਾਂ ਦੀਆਂ ਜਾਇਜ਼ ਮੰਗਾਂ ਨੂੰ ਨਹੀਂ ਮੰਨੇਗੀ ਤਾਂ ਜਲਦ ਹੀ ਸੰਘਰਸ਼ ਕਮੇਟੀ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕਰੇਗੀ। ਯੂਨੀਅਨ ਨੇ ਮੰਗ ਕੀਤੀ ਕਿ ਆਟੋ ਚਾਲਕ ਨੂੰ ਘੱਟ ਤੋਂ ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦਿੱਤੀ ਜਾਵੇ।