ਐੱਨਪੀ. ਧਵਨ
ਪਠਾਨਕੋਟ, 22 ਸਤੰਬਰ
ਪੰਜਾਬ ਵਿੱਚ ਖਣਨ ਬੰਦ ਹੋਣ ’ਤੇ ਠੱਪ ਪਈ ਕਰੱਸ਼ਰ ਇੰਡਸਟਰੀ ਦੇ ਵਿਰੋਧ ਵਿੱਚ ਜ਼ਿਲ੍ਹਾ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਕਰੱਸ਼ਰ ਮਾਲਕਾਂ ਤੇ ਕਰੱਸ਼ਰ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਸਟੋਨ ਕਰੱਸ਼ਰ ਯੂਨੀਅਨ ਦੇ ਪ੍ਰਧਾਨ ਵਿਜੇ ਪਾਸੀ, ਸੁਨੀਲ ਗਰੋਵਰ, ਪੁਸ਼ਪਿੰਦਰ ਮੈਨੀ, ਸੰਜੇ ਆਨੰਦ, ਹਰਜੀਤ ਸਿੰਘ ਵਾਲੀਆ, ਵਿਪਨ ਗੁਪਤਾ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਪੰਕਜ ਭਨੋਟ ਆਦਿ ਆਗੂ ਕਰ ਰਹੇ ਸਨ। ਇਨ੍ਹਾਂ ਆਗੂਆਂ ਨੇ 23 ਸਤੰਬਰ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਇੱਕ ਮੀਟਿੰਗ ਕਰਵਾਉਣ ਨਹੀਂ ਤਾਂ ਉਹ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕਰਨ ਅਤੇ ਰਸਤੇ ਰੋਕਣ ਲਈ ਮਜ਼ਬੂਰ ਹੋਣਗੇ। ਪੰਜਾਬ ਸਟੋਨ ਕਰੱਸ਼ਰ ਯੂਨੀਅਨ ਦੇ ਪ੍ਰਧਾਨ ਵਿਜੇ ਪਾਸੀ ਨੇ ਮਾਈਨਿੰਗ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਉਪਰ ਦੋਸ਼ ਲਗਾਇਆ ਕਿ ਉਹ ਕਰੱਸ਼ਰ ਇੰਡਸਟਰੀ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ ਅਤੇ ਰੋਜ਼ ਨਵੇਂ-ਨਵੇਂ ਹੁਕਮ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਨਸੂਨ ਸੀਜ਼ਨ ਵਿੱਚ ਸਾਰੇ ਸੂਬਿਆਂ ਅੰਦਰ ਮਾਈਨਿੰਗ ਕਰਨ ਉਪਰ ਪਾਬੰਦੀ ਹੁੰਦੀ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ 2 ਮਹੀਨੇ ਤੋਂ ਪੰਜਾਬ ਅੰਦਰ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦਾ ਕੇਂਦਰ ਬਿੰਦੂ ਮੰਨੇ ਜਾਣ ਵਾਲੇ ਜ਼ਿਲ੍ਹਾ ਪਠਾਨਕੋਟ ਦੀ ਇੱਕ ਮਾਤਰ ਕਰੱਸ਼ਰ ਇੰਡਸਟਰੀ ਦਾ ਕੰਮ ਰੁਕਿਆ ਹੋਣ ਕਾਰਨ ਇਸ ਨਾਲ ਜੁੜੇ ਹਜ਼ਾਰਾਂ ਲੋਕਾਂ ਤੇ ਆਰਥਿਕ ਸੰਕਟਾਂ ਦਾ ਪਹਾੜ ਟੁੱਟ ਚੁੱਕਾ ਹੈ। ਜਿਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ।ਇਸੇ ਤਰ੍ਹਾਂ ਇੱਕ ਹੋਰ ਆਗੂ ਹਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਬਿਨਾਂ ਕਰੱਸ਼ਰ ਚਲਾਏ ਹਰ ਮਾਲਕ ਨੂੰ 2 ਤੋਂ ਢਾਈ ਲੱਖ ਰੁਪਏ ਦੇ ਕਰੀਬ ਹਰ ਮਹੀਨੇ ਖਰਚਾ ਪੈ ਰਿਹਾ ਹੈ। ਉਨ੍ਹਾਂ ਦੀਆਂ ਜਿੰਨੀਆਂ ਵੀ ਗੱਡੀਆਂ ਕਰੱਸ਼ਰਾਂ ਉਪਰ ਖੜ੍ਹੀਆਂ ਹਨ, ਉਨ੍ਹਾਂ ਦਾ ਟੈਕਸ, ਇੰਸ਼ੋਰੈਂਸ, ਬਿਜਲੀ ਬਿੱਲ ਅਤੇ ਲੇਬਰ ਦਾ ਖਰਚਾ ਵੀ ਉਨ੍ਹਾਂ ਨੂੰ ਦੇਣਾ ਪੈ ਰਿਹਾ ਹੈ। ਇਸ ਇੰਡਸਟਰੀ ਦੇ ਬੰਦ ਹੋਣ ਨਾਲ ਸਾਰੇ ਕੰਮ ਠੱਪ ਹੋ ਚੁੱਕੇ ਹਨ। ਹੌਟ ਮਿਕਸ ਪਲਾਂਟ ਬੰਦ ਹੋਏ ਪਏ ਹੈ।
ਜ਼ਿਲ੍ਹਾ ਪਠਾਨਕੋਟ ਅੰਦਰ ਕਰੀਬ 150 ਤੋਂ ਵੱਧ ਕਰੱਸ਼ਰ ਠੱਪ
ਜ਼ਿਲ੍ਹਾ ਪਠਾਨਕੋਟ ਅੰਦਰ ਕਰੀਬ 150 ਤੋਂ ਵੱਧ ਕਰੱਸ਼ਰ ਠੱਪ ਪਏ ਹਨ। ਜਦ ਕਿ ਨਾਲ ਲੱਗਦੇ ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਾਈਨਿੰਗ ਧੜੱਲੇ ਨਾਲ ਜਾਰੀ ਹੈ। ਕਰੱਸ਼ਰ ਮਾਲਕ ਅਤੇ ਇਸ ਉਦਯੋਗ ਨਾਲ ਜੁੜੇ ਲੋਕਾਂ ਦਾ ਭਵਿੱਚ ਖਤਰੇ ਵਿੱਚ ਪੈ ਗਿਆ ਹੈ।